ਯੁਵਾ ਤੇ ਖੇਡ ਭਲਾਈ ਬੋਰਡ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਯੁਵਾ ਅਤੇ ਖੇਡ ਭਲਾਈ ਬੋਰਡ ਨੇ ਲੋੜਵੰਦ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਸਾਈਕਲ ਦੇ ਕੇ ਕੀਤਾ ਸਨਮਾਨਿਤ
Publish Date: Thu, 12 Feb 2026 09:28 PM (IST)
Updated Date: Thu, 12 Feb 2026 09:29 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਯੁਵਾ ਖੇਡ ਭਲਾਈ ਬੋਰਡ ਨੇ ਗਗਨਦੀਪ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਰਤਾਰਪੁਰ ਰੋਡ ਸਥਿਤ ਫਾਈਟਰ ਸਪੋਰਟਸ ਜ਼ੋਨ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਤੇ ਡਾ. ਜਸਬੀਰ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਪ੍ਰਧਾਨ ਰਾਜੀਵ ਵਾਲੀਆ ਤੇ ਡਾ. ਜਸਬੀਰ ਸਿੰਘ ਨੇ ਲੋੜਵੰਦ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਸਾਈਕਲ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਰਾਜੀਵ ਵਾਲੀਆ ਨੇ ਕਿਹਾ ਕਿ ਸਾਡੇ ਸਮਾਜ ਵਿਚ ਕੁੱਝ ਬੱਚੇ ਵਿੱਤੀ ਤੰਗੀਆਂ ਕਾਰਨ ਪੜ੍ਹਾਈ ਤੇ ਖੇਡਾਂ ਵਿਚ ਹਿੱਸਾ ਲੈਣ ਤੋਂ ਪਿੱਛੇ ਰਹਿ ਜਾਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਬੱਚਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਸਮਰਥਨ ਨਾਲ ਹੀ ਉਹ ਸਫਲਤਾ ਦੀਆਂ ਉਚਾਈਆਂ ਪ੍ਰਾਪਤ ਕਰ ਸਕਦੇ ਹਨ। ਡਾ. ਜਸਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੌਸ਼ਟਿਕ ਭੋਜਨ ਖਿਡਾਰੀਆਂ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੇਡਾਂ ਮਾਨਸਿਕ ਤੇ ਸਰੀਰਕ ਥਕਾਵਟ ਨੂੰ ਦੂਰ ਕਰਦੀਆਂ ਹਨ ਤੇ ਸਰੀਰ ਵਿਚ ਤਾਜ਼ਗੀ ਤੇ ਚੁਸਤੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਰੇ ਸਕੂਲਾਂ ਲਈ ਵਿਦਿਆਰਥੀਆਂ ਨੂੰ ਖੇਡਾਂ ਸਿਖਾਉਣਾ ਲਾਜ਼ਮੀ ਹੈ। ਇਸ ਮੌਕੇ ਪੁਨੀਤ ਵਰਮਾ, ਸੁਖਦੀਪ ਸਿੰਘ, ਜਸਵਿੰਦਰ ਕੁਮਾਰ, ਬਲਵਿੰਦਰ ਸਿੰਘ, ਸੰਤੋਖ ਸਿੰਘ, ਜੋਤੀ, ਮਮਤਾ ਆਦਿ ਹਾਜ਼ਰ ਸਨ।