ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਨੇ 186 ਮਹਿਲਾਵਾਂ ਦਾ ਕੀਤਾ ਸਨਮਾਨ
ਆਪਣਾ ਕਾਰੋਬਾਰ ਆਪਣੀ ਪਹਿਚਾਣ,ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਵੱਲੋਂ 186 ਮਹਿਲਾਵਾਂ ਦਾ ਸਨਮਾਨ
Publish Date: Sat, 07 Mar 2026 06:54 PM (IST)
Updated Date: Sat, 07 Mar 2026 06:57 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਤੇ ਉਨ੍ਹਾਂ ਦੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਆਪਣਾ ਕਾਰੋਬਾਰ ਆਪਣੀ ਪਹਿਚਾਣ ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਹਲਕਾ ਕਪੂਰਥਲਾ ਵਿਚ ਵੀ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਆਪਣਾ ਛੋਟਾ ਕਾਰੋਬਾਰ ਚਲਾ ਰਹੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੁਹਿੰਮ ਖਾਸ ਤੌਰ ’ਤੇ ਮਹਿਲਾਵਾਂ ਨੂੰ ਪ੍ਰੋਤਸਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਲਗਭਗ 50 ਫੀਸਦੀ ਹੈ ਤੇ ਉਹ ਘਰ ਤੇ ਸਮਾਜ ਦੋਵੇਂ ਥਾਵਾਂ ’ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਪਰ ਅਕਸਰ ਉਨ੍ਹਾਂ ਦੀ ਮਿਹਨਤ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ। ਐਡਵੋਕੇਟ ਚੰਦੀ ਨੇ ਕਿਹਾ ਕਿ ਬਹੁਤ ਸਾਰੀਆਂ ਮਹਿਲਾਵਾਂ ਘਰ ਬੈਠੇ ਟਿਫਿਨ ਸੇਵਾ, ਸਲੂਨ, ਸਿਲਾਈ-ਕਢਾਈ, ਬਿਊਟੀ ਵਰਕ ਤੇ ਹੋਰ ਛੋਟੇ ਕਾਰੋਬਾਰਾਂ ਰਾਹੀਂ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਪ੍ਰੋਗਰਾਮ ਦਾ ਮਕਸਦ ਇਨ੍ਹਾਂ ਮਹਿਲਾਵਾਂ ਨੂੰ ਸਮਾਜ ’ਚ ਇਕ ਪਹਿਚਾਨ ਦੇਣਾ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ‘ਚੋਂ 186 ਮਹਿਲਾਵਾਂ ਦੀ ਲਿਸਟ ਤਿਆਰ ਕਰਕੇ ਉਨ੍ਹਾਂ ਨੂੰ ਇਸ ਕੈਂਪ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਮਨੋਬਲ ਵਧੇਗਾ, ਸਗੋਂ ਹੋਰ ਮਹਿਲਾਵਾਂ ਨੂੰ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਪ੍ਰੇਰਣਾ ਮਿਲੇਗੀ। ਐਡਵੋਕੇਟ ਚੰਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਮਹਿਲਾਵਾਂ ’ਚ ਆਪਣੇ ਕੰਮ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਮਾਜ ਤੇ ਸਰਕਾਰ ਉਨ੍ਹਾਂ ਦੀ ਕਦਰ ਕਰਦੇ ਹਨ, ਤਾਂ ਉਹ ਹੋਰ ਵੀ ਆਤਮ ਵਿਸ਼ਵਾਸ ਨਾਲ ਅੱਗੇ ਵਧਦੀਆਂ ਹਨ।