ਘਰੇਲੂ ਵਿਵਾਦ ਕਾਰਨ ਨੌਜਵਾਨ ਖੰਭੇ ’ਤੇ ਚੜ੍ਹਿਆ, ਬੁਰੀ ਤਰ੍ਹਾਂ ਝੁਲਸਿਆ
ਲੱਤ ਟੁੱਟੀ, 30-35 ਫੀਸਦੀ
Publish Date: Mon, 09 Mar 2026 10:18 PM (IST)
Updated Date: Mon, 09 Mar 2026 10:21 PM (IST)

ਲੱਤ ਟੁੱਟੀ, 30-35 ਫੀਸਦੀ ਝੁਲਸਿਆ ਸੰਵਾਦ ਸੂਤਰ, ਜਾਗਰਣ ਕਪੂਰਥਲਾ : ਕਪੂਰਥਲਾ ਰੇਲਵੇ ਸਟੇਸ਼ਨ ਕੋਲ ਸੋਮਵਾਰ ਦੁਪਹਿਰ ਘਰੇਲੂ ਵਿਵਾਦ ਤੋਂ ਬਾਅਦ ਇਕ ਨੌਜਵਾਨ ਨਸ਼ੇ ਦੀ ਹਾਲਤ ’ਚ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ ਤੇ ਹਾਈ ਵੋਲਟੇਜ ਤਾਰ ਦੀ ਚਪੇਟ ’ਚ ਆਉਣ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਕਰੰਟ ਲੱਗਣ ਤੋਂ ਬਾਅਦ ਨੌਜਵਾਨ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਖੱਬੀ ਲੱਤ ਟੁੱਟ ਗਈ ਤੇ ਉਹ ਲਗਪਗ 30 ਤੋਂ 35 ਫੀਸਦੀ ਤੱਕ ਝੁਲਸ ਗਿਆ। ਘਟਨਾ ਤੋਂ ਬਾਅਦ ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਸੁਣ ਕੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ। ਜ਼ਖ਼ਮੀ ਨੌਜਵਾਨ ਦੀ ਪਛਾਣ ਮਿਥਲੇਸ਼ ਯਾਦਵ ਪੁੱਤਰ ਵਕੀਲ ਯਾਦਵ ਵਾਸੀ ਜੱਗੂ ਸ਼ਾਹ ਡੇਰਾ, ਸੋਮਾ ਦੇਵੀ ਮੰਦਿਰ ਦੇ ਨੇੜੇ ਕਪੂਰਥਲਾ (ਮੂਲ ਵਾਸੀ ਬਿਹਾਰ) ਦੇ ਰੂਪ ’ਚ ਹੋਈ ਹੈ। ਸਿਵਲ ਹਸਪਤਾਲ ’ਚ ਮੌਜੂਦ ਨੌਜਵਾਨ ਦੀ ਪਤਨੀ ਸਪਨਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਲਗਪਗ 5 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਚਾਰ ਸਾਲਾਂ ਦੀ ਇਕ ਬੇਟੀ ਵੀ ਹੈ। ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਸੋਮਵਾਰ ਨੂੰ ਘਰ ’ਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਉਹ ਨਸ਼ੇ ਦੀ ਹਾਲਤ ’ਚ ਰੇਲਵੇ ਸਟੇਸ਼ਨ ਪਹੁੰਚ ਗਿਆ ਤੇ ਬਿਜਲੀ ਦੇ ਖੰਭੇ ’ਤੇ ਚੜ੍ਹ ਕੇ ਖੁਦਕੁਸ਼ੀ ਦੀ ਧਮਕੀ ਦੇਣ ਲੱਗਾ। ਇਸ ਦੌਰਾਨ ਖੰਭੇ ਤੋਂ ਲੰਘ ਰਹੀ ਲਗਪਗ 25 ਹਜ਼ਾਰ ਵੋਲਟ ਦੀ ਹਾਈ ਵੋਲਟੇਜ ਬਿਜਲੀ ਦੀ ਤਾਰ ਦੀ ਚਪੇਟ ’ਚ ਆਉਣ ਨਾਲ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਤੇ ਉਹ ਹੇਠਾਂ ਡਿੱਗ ਗਿਆ। ਡਿੱਗਣ ਨਾਲ ਉਸ ਦੀ ਖੱਬੀ ਲੱਤ ਟੁੱਟ ਗਈਤੇ ਕਰੰਟ ਲੱਗਣ ਨਾਲ ਸਰੀਰ ਦਾ ਲਗਪਗ 30-35 ਫੀਸਦੀ ਹਿੱਸਾ ਝੁਲਸ ਗਿਆ। ਇਸ ਸਬੰਧ ’ਚ ਜੀਆਰਪੀ ਦੇ ਏਐੱਸਆਈ ਸ਼ਕੀਲ ਮੁਹੰਮਦ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਫਿਲਹਾਲ ਬਿਆਨ ਦੇਣ ਦੀ ਹਾਲਤ ’ਚ ਨਹੀਂ ਹੈ। ਉਸ ਦਾ ਬਿਆਨ ਦਰਜ ਹੋਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।