ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
Publish Date: Fri, 05 Jun 2026 08:09 PM (IST)
Updated Date: Fri, 05 Jun 2026 08:11 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਐਨ.ਐੱਸ.ਐੱਸ. ਵਿਭਾਗ, ਰੈੱਡ ਰਿਬਨ ਕਲੱਬ ਅਤੇ ਈਕੋ ਕਲੱਬ ਵੱਲੋਂ ਡਾਇਰੈਕਟਰ ਯੂਥ ਸਰਵਿਸਿਜ਼ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਵਾਤਾਵਰਣ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਕਾਲਜ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਹਰਿਆਲੀ ਵਧਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ, ਜਲਵਾਯੂ ਪਰਿਵਰਤਨ ਅਤੇ ਪ੍ਰਦੂਸ਼ਣ ਰੋਕਣ ਸੰਬੰਧੀ ਪ੍ਰਭਾਵਸ਼ਾਲੀ ਸੰਦੇਸ਼ਾਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ । ਪ੍ਰੋਗਰਾਮ ਦੀ ਇੱਕ ਵਿਸ਼ੇਸ਼ ਗਤੀਵਿਧੀ ਤਹਿਤ ਕਾਲਜ ਕੈਂਪਸ ਵਿੱਚ ਪੰਛੀਆਂ ਲਈ ਬਣਾਏ ਗਏ ਆਰਟੀਫਿਸ਼ਲ ਆਲ੍ਹਣੇ ਵੀ ਟੰਗੇ ਗਏ, ਤਾਂ ਜੋ ਪੰਛੀਆਂ ਦੀ ਸੁਰੱਖਿਆ ਅਤੇ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਪਰਮਜੀਤ ਕੌਰ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਾਤਾਵਰਣ ਸੁਰੱਖਿਆ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਸੰਭਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ । ਐਨ. ਐੱਸ. ਐੱਸ. ਦੀ ਦੂਜੀ ਇਕਾਈ ਦੇ ਪ੍ਰੋਗਰਾਮ ਅਫ਼ਸਰ ਸੰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਸੁਰੱਖਿਆ ਸਬੰਧੀ ਆਦਤਾਂ ਅਪਣਾਉਣ । ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਾਤਾਵਰਣ ਦੀ ਰੱਖਿਆ ਤੋਂ ਬਿਨਾਂ ਟਿਕਾਊ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਦੀ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਲਈ ਵੀ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਾਲਜ ਦੇ ਐਨ. ਐੱਸ. ਐੱਸ. ਵਿਭਾਗ, ਰੈੱਡ ਰਿਬਨ ਕਲੱਬ ਅਤੇ ਈਕੋ ਕਲੱਬ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਸੰਭਾਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਦੇ ਅਧਿਆਪਕ ਸਾਹਿਬਾਨ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।