- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ 2026 ਮਨਾਇਆ ਗਿਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ-2026 ਮਨਾਇਆ ਗਿਆ। ਕੁਦਰਤ ਤੋਂ ਪ੍ਰੇਰਿਤ, ਜਲਵਾਯੂ ਲਈ, ਸਾਡੇ ਭਵਿੱਖ ਲਈ ਵਿਸ਼ੇ ’ਤੇ ਆਧਾਰਿਤ ਇਹ ਮੁਹਿੰਮ 15 ਮਈ 2026 ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਵਾਤਾਵਰਣ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਭਾਰਤ ਸਕਾਊਟਸ ਐਂਡ ਗਾਈਡਜ਼ ਅਤੇ ਸੇਂਟ ਜੌਨ ਐਂਬੂਲੈਂਸ ਬ੍ਰਿਗੇਡ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਮਹਾਂਪ੍ਰਬੰਧਕ ਅਜੈ ਨੰਦਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਭਾਗੀਦਾਰਾਂ ਨੂੰ ਵਾਤਾਵਰਣ ਸੰਭਾਲ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖੁਦ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਆਰ.ਸੀ.ਐੱਫ. ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ’ਤੇ ਮਹਾਂਪ੍ਰਬੰਧਕ, ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ੍ਰੀਮਤੀ ਨਵਿਤਾ ਨੰਦਨ ਦੀ ਅਗਵਾਈ ਹੇਠ ਸੰਗਠਨ ਦੀਆਂ ਮੈਂਬਰਾਂ, ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੌਦੇ ਲਗਾ ਕੇ ਹਰਿਆਲੇ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦਾ ਸਮਾਪਨ ਗੁਣਵੱਤਾ ਵਿਭਾਗ, ਆਰਸੀਐੱਫ ਕਪੂਰਥਲਾ ਵੱਲੋਂ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਨਾਲ ਹੋਇਆ। ਇਸ ਮੌਕੇ ’ਤੇ ਮਹਾਂਪ੍ਰਬੰਧਕ ਅਜੈ ਨੰਦਨ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦਕਿ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਡਾ. ਵਾਈ ਐਸ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਅਜੈ ਨੰਦਨ ਨੇ ਵਾਤਾਵਰਣ ਸੰਭਾਲ ਅਤੇ ਰੋਜ਼ਾਨਾ ਜੀਵਨ ਵਿੱਚ ਟਿਕਾਊ ਅਤੇ ਵਾਤਾਵਰਣ-ਅਨੁਕੂਲ ਅਮਲਾਂ ਨੂੰ ਅਪਣਾਉਣ ਦੇ ਮਹੱਤਵ ’ਤੇ ਚਾਨਣਾ ਪਾਇਆ।
ਉਨ੍ਹਾਂ ਸਾਰਿਆਂ ਨੂੰ ਕੁਦਰਤ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਅਤੇ ਹਰਿਆਲੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸਮਾਰੋਹ ਦੌਰਾਨ ਡਾ. ਵਾਈ. ਐਸ. ਬਰਾੜ ਨੇ ਵਿਸ਼ਵ ਪੱਧਰੀ ਵਾਤਾਵਰਣ ਸੰਕਟ ’ਤੇ ਇੱਕ ਜਾਣਕਾਰੀਪੂਰਨ ਪ੍ਰਸਤੁਤੀ ਦਿੱਤੀ ਅਤੇ ਸਮੂਹਕ ਯਤਨਾਂ ਅਤੇ ਟਿਕਾਊ ਵਿਕਾਸ ਨਾਲ ਸੰਬੰਧਿਤ ਉਪਰਾਲਿਆਂ ਰਾਹੀਂ ਧਰਤੀ ਦੇ ਜਲਵਾਯੂ ਅਤੇ ਵਾਤਾਵਰਣ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ। ਆਰ ਸੀ ਐੱਫ ਕਲਚਰਲ ਸੋਸਾਇਟੀ ਵੱਲੋਂ ਵੇਸਟ ਸੈਗ੍ਰਿਗੇਸ਼ਨ (ਕੂੜੇ ਦੀ ਛਾਂਟ) ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਕੂੜੇ ਦੀ ਸਹੀ ਛਾਂਟ ਅਤੇ ਪ੍ਰਬੰਧਨ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਅਤੇ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ। ਇਸ ਮੌਕੇ ’ਤੇ ਵਿਸ਼ਵ ਵਾਤਾਵਰਣ ਦਿਵਸ ਮੁਹਿੰਮ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਅਤੇ ਸਵੈਸੇਵਕਾਂ ਨੂੰ ਮਹਾਂਪ੍ਰਬੰਧਕ ਅਜੈ ਨੰਦਨ ਅਤੇ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ੍ਰੀਮਤੀ ਨਵਿਤਾ ਨੰਦਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਰੋਹ ਤਹਿਤ ਵਿਦਿਆਰਥੀਆਂ ਲਈ ਕਰਵਾਏ ਗਏ ਚਿੱਤਰਕਲਾ ਮੁਕਾਬਲੇ ਦੇ ਜੇਤੂਆਂ ਨੂੰ ਵੀ ਉਨ੍ਹਾਂ ਦੀ ਰਚਨਾਤਮਕਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਲਈ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੌਰਾਨ ਇੱਕ ਵਿਸ਼ੇਸ਼ "ਵਿਸ਼ਵ ਵਾਤਾਵਰਣ ਦਿਵਸ ਸੈਲਫੀ ਪੁਆਇੰਟ" ਵੀ ਸਥਾਪਿਤ ਕੀਤਾ ਗਿਆ, ਜਿੱਥੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਤਸਵੀਰਾਂ ਖਿੱਚਵਾਈਆਂ। ਇਸ ਨਾਲ ਪ੍ਰੋਗਰਾਮ ਦਾ ਉਤਸਵੀ ਮਾਹੌਲ ਹੋਰ ਵੀ ਰੌਣਕਮਈ ਬਣਿਆ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਵਿਆਪਕ ਤੌਰ ’ਤੇ ਫੈਲਿਆ।ਇਸ ਮੌਕੇ ਪਲਾਸਟਿਕ ਕਚਰੇ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਇੱਕ ਪਲਾਸਟਿਕ ਬੋਤਲ ਕਰਸ਼ਿੰਗ ਮਸ਼ੀਨ ਦਾ ਉਦਘਾਟਨ ਕਰਕੇ ਇਸ ਨੂੰ ਸੇਵਾ ਵਿੱਚ ਲਿਆਂਦਾ ਗਿਆ। ਇਹ ਪਹਿਲ ਟਿਕਾਊ ਕਚਰਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਦੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਨੂੰ ਘਟਾਉਣ ਪ੍ਰਤੀ ਆਰਸੀਐੱਫ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।