ਜੀਡੀਆਰ ਡੇ ਬੋਰਡਿੰਗ ਸਕੂਲ ’ਚ ਮਨਾਇਆ ਵਿਸ਼ਵ ਧਰਤੀ ਦਿਵਸ
ਜੀ.ਡੀ.ਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿੱਚ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ
Publish Date: Fri, 24 Apr 2026 07:37 PM (IST)
Updated Date: Fri, 24 Apr 2026 07:40 PM (IST)

ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਵਿੱਚ ਕੌਮਾਂਤਰੀ ਧਰਤੀ ਦਿਵਸ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਸੰਚਾਲਨ ਡੈਫੋਡਿਲ ਹਾਊਸ ਵੱਲੋਂ ਕੀਤਾ ਗਿਆ। ਸਭਾ ਦੌਰਾਨ ਵਿਦਿਆਰਥੀਆਂ ਨੇ ਭਾਸ਼ਣਾਂ ਰਾਹੀਂ ਧਰਤੀ, ਵਾਤਾਵਰਣ ਅਤੇ ਕੁਦਰਤੀ ਸੰਸਾਧਨਾਂ ਦੇ ਸਤਤ ਉਪਯੋਗ ਅਤੇ ਸੰਰੱਖਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੌਜੂਦਾ ਸਮੇਂ ਵਿੱਚ ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ, ਪ੍ਰਦੂਸ਼ਣ ਅਤੇ ਜੈਵਿਕ ਵਿਭਿੰਨਤਾ ਵਿੱਚ ਘਾਟ ਵਰਗੀਆਂ ਗੰਭੀਰ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਇਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸਲੋਗਨਾਂ ਅਤੇ ਨਾਰਿਆਂ ਰਾਹੀਂ ਵਾਤਾਵਰਣ ਸੰਰੱਖਣ ਦਾ ਸੰਦੇਸ਼ ਦਿੱਤਾ। ਬੱਚੇ ਫਲਾਂ ਅਤੇ ਫੁੱਲਾਂ ਦੇ ਬੂਟੇ ਲਿਆਏ ਅਤੇ ਉਨ੍ਹਾਂ ਦਾ ਰੋਪਣ ਕਰ ਕੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਵਾਤਾਵਰਣ ਜਾਗਰੂਕਤਾ ਨੂੰ ਵਧਾਉਣ ਲਈ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਵੇਸਟ ਮੈਨਜਮੈਂਟ ਪਲਾਂਟ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੇ ਨਾਲ ਹੀ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਲੋਕਾਂ ਨੂੰ ਪਲਾਸਟਿਕ ਦੀ ਘੱਟ ਵਰਤੋਂ ਕਰਨ, ਸਫ਼ਾਈ ਅਪਣਾਉਣ ਅਤੇ ਵਾਤਾਵਰਣ ਦੀ ਰੱਖਿਆ ਲਈ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕੀਤਾ। ਸਤਨਾਮਪੁਰਾ ਖੇਤਰ ਵਿੱਚ ਵਿਦਿਆਰਥੀਆਂ ਨੇ ਭਾਸ਼ਣ ਅਤੇ ਸੰਵਾਦ-ਵਾਚਨ ਰਾਹੀਂ ਲੋਕਾਂ ਨੂੰ ਕੁਦਰਤ ਦੇ ਅਨਮੋਲ ਸੰਸਾਧਨਾਂ-ਜੰਗਲ, ਦਰੱਖਤ, ਪਾਣੀ ਅਤੇ ਧਰਤੀ-ਦੀ ਰੱਖਿਆ ਲਈ ਜਾਗਰੂਕ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼ਿਵਾਨੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਧਰਤੀ ਸਿਰਫ਼ ਸਾਡੀ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਧਰੋਹਰ ਹੈ। ਉਨ੍ਹਾਂ ਨੇ ਸਭ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ, ਪਲਾਸਟਿਕ ਦੀ ਘੱਟ ਵਰਤੋਂ ਕਰਨ, ਪਾਣੀ ਅਤੇ ਹੋਰ ਸੰਸਾਧਨਾਂ ਦੀ ਸੰਭਾਲ ਕਰਨ ਅਤੇ ਊਰਜਾ ਦੀ ਬਚਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਭ ਨੇ ਸੰਕਲਪ ਲਿਆ ਕਿ ਉਹ ਵਾਤਾਵਰਣ ਦੀ ਰੱਖਿਆ ਕਰ ਕੇ ਧਰਤੀ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣਗੇ ਤਾਂ ਜੋ ਇੱਕ ਸਿਹਤਮੰਦ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।