ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ’ਚ ਵਰਕਸ਼ਾਪ ਕਰਵਾਈ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ‘ਡਿਜ਼ਾਈਨ ਥਿੰਕਿੰਗ, ਕ੍ਰਿਟਿਕਲ ਥਿੰਕਿੰਗ ਅਤੇ ਇਨੋਵੇਸ਼ਨ ਡਿਜ਼ਾਈਨ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ
Publish Date: Thu, 15 Jan 2026 09:18 PM (IST)
Updated Date: Thu, 15 Jan 2026 09:21 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਆਈਆਈਸੀ ਦੀਆਂ ਸਰਗਰਮੀਆਂ ਹੇਠ ਡਾਇਰੈਕਟਰ ਉੱਚ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਡਿਜ਼ਾਈਨ ਥਿੰਕਿੰਗ, ਕ੍ਰਿਟਿਕਲ ਥਿੰਕਿੰਗ ਅਤੇ ਇਨੋਵੇਸ਼ਨ ਡਿਜ਼ਾਈਨ” ਵਿਸ਼ੇ ‘ਤੇ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਤੋਂ ਗੁਰਮੁੱਖ ਸਿੰਘ ਨੇ ਵਿਦਿਆਰਥੀਆਂ ਨੂੰ ਡਿਜ਼ਾਈਨ ਥਿੰਕਿੰਗ ਦੀ ਸੰਕਲਪਨਾ, ਰਚਨਾਤਮਕ ਵਿਚਾਰਧਾਰਾ, ਸਮੱਸਿਆ ਹੱਲ ਕਰਨ ਦੇ ਨਵੇਂ ਢੰਗ ਅਤੇ ਨਵੀਂ ਸੋਚ ਰਾਹੀਂ ਇਨੋਵੇਸ਼ਨ ਦੇ ਵਿਕਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਾਹਰਣਾਂ ਰਾਹੀਂ ਸਮਝਾਇਆ ਕਿ ਕਿਸ ਤਰ੍ਹਾਂ ਕ੍ਰਿਟਿਕਲ ਥਿੰਕਿੰਗ ਅਤੇ ਰਚਨਾਤਮਕ ਸੋਚ ਕਿਸੇ ਵੀ ਖੇਤਰ ਵਿਚ ਨਵੀਆਂ ਉਪਲਬਧੀਆਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਕਾਲਜ ਦੇ ਪ੍ਰੋਗਰਾਮ ਅਫ਼ਸਰ ਡਾ. ਪਰਮਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਅਤੇ ਨਵੀਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਪ੍ਰਯੋਗਾਤਮਕ ਸਿੱਖਣ ਰਾਹੀਂ ਵਿਦਿਆਰਥੀ ਅਸਲੀ ਜੀਵਨ ਸਮੱਸਿਆਵਾਂ ਦਾ ਹੱਲ ਲੱਭਣਾ ਸਿੱਖਦੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸਿਪਲ ਡਾ. ਜਗਸੀਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਨਤਾ, ਵਿਚਾਰਸ਼ੀਲਤਾ ਅਤੇ ਤਰਕਸ਼ੀਲ ਸੋਚ ਹੀ ਆਧੁਨਿਕ ਯੁੱਗ ਵਿਚ ਪ੍ਰਗਤੀ ਦਾ ਆਧਾਰ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਵਰਕਸ਼ਾਪਾਂ ਵਿਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਿੱਖਿਆ ਦੇ ਖੇਤਰ ਵਿਚ ਰਚਨਾਤਮਕ ਸੋਚ ਨੂੰ ਅਪਣਾਉਣ ਦੀ ਅਪੀਲ ਕੀਤੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਆਪਣੇ ਪ੍ਰਸ਼ਨ ਪੁੱਛੇ ਅਤੇ ਚਰਚਾ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਆਪਣੀਆਂ ਵਿਚਾਰਧਾਰਾਵਾਂ ਸਾਂਝੀਆਂ ਕਰਦਿਆਂ ਡਿਜ਼ਾਈਨ ਥਿੰਕਿੰਗ ਨੂੰ ਆਪਣੇ ਵਿਦਿਅਕ ਜੀਵਨ ਵਿਚ ਲਾਗੂ ਕਰਨ ਦੀ ਪ੍ਰਤੀਬੱਧਤਾ ਜਤਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।