ਗੋਲ ਚੌਕ ਬੰਗਾ ਰੋਡ ਸੜਕ ਦਾ ਕੰਮ ਜਲਦੀ ਕਰਵਾਇਆ ਜਾਵੇ ਸ਼ੁਰੂ : ਪ੍ਰਧਾਨ ਕੁਲਥਮ
ਗੋਲ ਚੌਂਕ ਬੰਗਾ ਰੋਡ ਸੜਕ ਦਾ ਕੰਮ ਜਲਦੀ ਕਰਵਾਇਆ ਜਾਵੇ ਸ਼ੁਰੂ, ਪ੍ਰਧਾਨ ਕੁਲਥਮ
Publish Date: Sun, 19 Apr 2026 07:42 PM (IST)
Updated Date: Sun, 19 Apr 2026 07:45 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸ਼ੋਅਰੂਮਾਂ ਦੀ ਹੱਬ ਕਿਹਾ ਜਾਂਦਾ ਗੋਲ ਚੌਕ ਤੋਂ ਬੰਗਾ ਰੋਡ ਦਾ ਇਲਾਕਾ ਜਿੱਥੇ ਕਿ ਕਈ ਵੱਡੇ-ਵੱਡੇ ਸ਼ੋਰੂਮ ਸਥਾਪਿਤ ਹਨ ਜਿੱਥੇ ਹਜ਼ਾਰਾਂ ਐੱਨਆਰਆਈ ਵੀਰ ਹਰ ਸਾਲ ਖ਼ਰੀਦਾਰੀ ਕਰਨ ਪਹੁੰਚਦੇ ਹਨ। ਇਸ ਸੜਕ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਇਸ ਸੜਕ ਨੂੰ ਜਲਦੀ ਬਣਾਉਣ ਲਈ ਟੈਂਡਰ ਵੀ ਪਾਸ ਹੋ ਚੁੱਕਾ ਹੈ। ਪਰ ਇਸ ਦੇ ਬਾਵਜੂਦ ਵੀ ਇਹ ਸੜਕ ਨੂੰ ਬਣਾਉਣ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਇਆ। ਜਿਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਮੂਹ ਮੈਂਬਰ ਨਾਲ ਕੀਤਾ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਗੋਲ ਚੌਕ ਤੋਂ ਬੰਗਾ ਰੋਡ ਨੂੰ ਜਾਂਦੀ ਸੜਕ ਬਹੁਤ ਹੀ ਪਵਿੱਤਰ ਦਰਜੇ ਦੀ ਸੜਕ ਹੈ। ਜਿੱਥੇ ਵਿੱਦਿਆ ਦੇ ਤਿੰਨ ਮੰਦਰ ਸਰਕਾਰੀ ਸਕੂਲ, ਭਗਵਾਨ ਸ਼੍ਰੀ ਵਾਲਮੀਕਿ ਮੰਦਰ, ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ, ਛੇਵੀਂ ਪਾਤਸ਼ਾਹੀ ਚਰਨਛੋਹ ਪ੍ਰਾਪਤ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਸਥਾਪਿਤ ਹੈ। ਇਸ ਸੜਕ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਇਸ ਨੂੰ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਅਸ਼ੋਕ ਕੁਲਥਮ ਨੇ ਦੱਸਿਆ ਕਿ ਬੰਗਾ ਰੋਡ ਮਾਰਕੀਟ ਵਿੱਚ ਹਰ ਸਾਲ ਹਜ਼ਾਰਾਂ ਹੀ ਐੱਨਆਰਆਈ ਵੀਰ ਖ਼ਰੀਦਾਰੀ ਕਰਨ ਲਈ ਪਹੁੰਚਦੇ ਹਨ ਪਰ ਇਸ ਸੜਕ ਦੀ ਦੁਰਦਸ਼ਾ ਕਾਰਨ ਲੋਕ ਸਿੱਧੇ ਜਲੰਧਰ ਜਾਂ ਲੁਧਿਆਣਾ ਚਲੇ ਜਾਂਦੇ ਹਨ, ਜਿਸ ਨਾਲ ਕਿ ਵਪਾਰੀ ਵਰਗ ਨੂੰ ਕਾਫੀ ਨੁਕਸਾਨ ਹੁੰਦਾ ਹੈ। ਸੜਕ ਦਾ ਮੁਕੰਮਲ ਕੰਮ ਹੋਣ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਸਟਰੀਟ ਲਾਈਟ, ਬੂਟੇ ਅਤੇ ਇੰਟਰਲੋਕ ਟਾਈਲਾਂ ਲਾਈਆਂ ਜਾਣ ਅਤੇ ਇਸ ਨੂੰ ਖੁਬਸੂਰਤ ਦਿਖ ਦੇਣ ਲਈ ਹੋਰ ਵੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਬੀਤੇ ਕਈ ਸਾਲਾਂ ਤੋਂ ਇਸ ਰੋਡ ਤੇ ਸਥਾਪਿਤ ਵਪਾਰੀਆਂ ਦੀ ਸਮੱਸਿਆ ਦਾ ਹੱਲ ਹੋ ਸਕੇ। ਇਸ ਮੌਕੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ।