ਫਗਵਾੜਾ ਸ਼ਹਿਰ ਦੇ ਥਾਣਿਆਂ ’ਤੇ ਮਹਿਲਾ ਅਫਸਰਾਂ ਦਾ ਕਬਜ਼ਾ
ਫਗਵਾੜਾ ਸ਼ਹਿਰ ਦੇ ਥਾਣਿਆਂ ਤੇ ਮਹਿਲਾਵਾਂ ਦਾ ਕਬਜ਼ਾ
Publish Date: Thu, 22 Jan 2026 06:46 PM (IST)
Updated Date: Thu, 22 Jan 2026 06:48 PM (IST)

ਫਗਵਾੜਾ : ਸਬ-ਡਿਵੀਜ਼ਨ ਫਗਵਾੜਾ ’ਚ ਜਿਥੇ ਮਹਿਲਾ ਅਫਸਰ ਐੱਸਪੀ ਮਾਧਵੀ ਸ਼ਰਮਾ ਵੱਲੋਂ ਬਾਖੂਬੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਰਹੀਆਂ ਹਨ ਉਥੇ ਹੀ ਥਾਣਾ ਸਿਟੀ ਫਗਵਾੜਾ ਵਿਖੇ ਐੱਸਐੱਚਓ ਊਸ਼ਾ ਰਾਣੀ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੋਇਆ ਹੈ। ਇਸ ਦੇ ਨਾਲ ਹੀ ਹੁਣ ਥਾਣਾ ਸਦਰ ਤੇ ਥਾਣਾ ਸਤਨਾਮਪੁਰਾ ਵਿਚ ਵੀ ਮਹਿਲਾ ਅਫਸਰ ਕਾਬਜ਼ ਹੋਣਗੇ। ਪੰਜਾਬ ਪੁਲਿਸ ਵੱਲੋਂ ਆਏ ਨਵੇਂ ਹੁਕਮਾਂ ਮੁਤਾਬਕ ਥਾਣਾ ਸਦਰ ਫਗਵਾੜਾ ਵਿਖੇ ਐੱਸਐੱਚਓ ਸੋਨਮਦੀਪ ਕੌਰ ਆਪਣੀਆਂ ਸੇਵਾਵਾਂ ਨਿਭਾਉਣਗੇ, ਜੋ ਕਿ ਪਹਿਲਾਂ ਪੁਲਿਸ ਲਾਈਨ ਕਪੂਰਥਲਾ ਵਿਖੇ ਤਾਇਨਾਤ ਸਨ। ਇਸੇ ਤਰ੍ਹਾਂ ਵੂਮੈਨ ਸੈੱਲ ਫਗਵਾੜਾ ਦੇ ਇੰਚਾਰਜ ਐੱਸਐੱਚਓ ਅਮਨਪ੍ਰੀਤ ਕੌਰ ਹੁਣ ਥਾਣਾ ਸਤਨਾਮਪੁਰਾ ਵਿਖੇ ਐੱਸਐੱਚਓ ਵਜੋਂ ਸੇਵਾਵਾਂ ਨਿਭਾਉਣਗੇ ਜੋ ਕਿ ਪਹਿਲਾਂ ਵੀ ਥਾਣਾ ਸਤਨਾਮਪੁਰਾ ਵਿਖੇ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੇ ਨਾਲ ਹੀ ਨਵਜੋਤ ਕੌਰ ਨੂੰ ਵੂਮੈਨ ਸੈੱਲ ਫਗਵਾੜਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜੇਕਰ ਫਗਵਾੜਾ ਸ਼ਹਿਰ ਦੇ ਥਾਣਿਆਂ ਦੀ ਗੱਲ ਕਰੀਏ ਤਾਂ ਥਾਣਾ ਸਿਟੀ, ਥਾਣਾ ਸਦਰ, ਥਾਣਾ ਸਤਨਾਮਪੁਰਾ, ਵੂਮੈਨ ਸੈੱਲ ਵਿਚ ਮਹਿਲਾ ਅਫਸਰਾਂ ਦੀ ਤਾਇਨਾਤੀ ਹੋ ਚੁੱਕੀ ਹੈ। ਸੀਆਈਏ ਸਟਾਫ ਫਗਵਾੜਾ ਵਿਖੇ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂ ਇਸ ਸਬੰਧੀ ਐੱਸਐੱਚਓ ਅਮਨਪ੍ਰੀਤ ਕੌਰ, ਐੱਸਐੱਚਓ ਸੋਨਮ ਦੀਪ ਕੌਰ, ਐੱਸਐੱਚਓ ਨਵਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਮੰਤਵ ਸ਼ਹਿਰ ਵਾਸੀਆਂ ਦੀ ਸੁਰੱਖਿਆ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੰਵੇਦਨਸ਼ੀਲ ਇਲਾਕਿਆਂ ਵਿਚ ਗਸ਼ਤ ਨੂੰ ਵਧਾਇਆ ਜਾਵੇਗਾ ਤੇ ਜੇਕਰ ਉਨ੍ਹਾਂ ਦੇ ਇਲਾਕਿਆਂ ਵਿਚ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਜੇਕਰ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।