ਮਾਵਾਂ ਦੀਆਂ ਅਸੀਸਾਂ ਨਾਲ ਇਨਸਾਨ ਤਰੱਕੀਆਂ ਪ੍ਰਾਪਤ ਕਰਦਾ
ਮਾਵਾਂ ਦੀਆਂ ਅਰਦਾਸਾਂ ਤੇ ਅਸੀਸਾਂ ਨਾਲ ਹਰ ਇਨਸਾਨ ਤਰੱਕੀਆਂ ਪ੍ਰਾਪਤ ਕਰਦਾ ਹੈ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ
Publish Date: Sun, 29 Mar 2026 08:33 PM (IST)
Updated Date: Sun, 29 Mar 2026 08:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਸਾਹਨੀ ਦੀ ਬਹੁਤ ਹੀ ਧਾਰਮਿਕ ਬਿਰਤੀ ਵਾਲ਼ੀ ਅਤੇ ਸਮਾਜ ਸੇਵੀ ਸਤਿਕਾਰਯੋਗ ਸ਼ਖ਼ਸੀਅਤ ਬੀਬੀ ਪਰਮਜੀਤ ਕੌਰ ਕਾਹਲੋਂ ਸੁਪਤਨੀ ਪਿਆਰਾ ਸਿੰਘ ਕਾਹਲੋਂ, ਜਿਨ੍ਹਾਂ ਦਾ ਪਿਛਲੇ ਦਿਨੀਂ ਅਮਰੀਕਾ ਵਿਚ ਦੇਹਾਂਤ ਹੋ ਗਿਆ ਸੀ, ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਸਾਹਨੀ ਵਿਖੇ ਸੰਪੰਨ ਹੋਏ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਾਹਨੀ ਵੱਲੋਂ ਉਨ੍ਹਾਂ ਦੀ ਆਤਮਾ ਲਈ ਤੇ ਸਰਬੱਤ ਦੇ ਭਲੇ ਤੇ ਪਰਿਵਾਰ ਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ। ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਆਪਣੇ ਜਥੇ ਸਮੇਤ ਬਹੁਤ ਹੀ ਰਸਭਿੰਨੀ ਆਵਾਜ਼ ਵਿਚ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਆਪਣੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਸਮਝਾਇਆ ਕਿ ਮਾਵਾਂ ਦੀਆਂ ਅਰਦਾਸਾਂ ਤੇ ਅਸੀਸਾਂ ਨਾਲ ਹੀ ਹਰ ਇਨਸਾਨ ਤਰੱਕੀਆਂ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦੀਆਂ ਮਾਵਾਂ ਵੱਲੋਂ ਹਰ ਦੁੱਖ ਆਪਣੇ ਪਿੰਡੇ ’ਤੇ ਹੰਡਾ ਕੇ ਆਪਣੇ ਬੱਚਿਆਂ ਨੂੰ ਹਰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਸਿਮਰਨ, ਮਾਤਾ-ਪਿਤਾ ਦੀ ਸੇਵਾ ਤੇ ਗਰੀਬ ਲੋੜਵੰਦਾਂ ਦੀ ਸਹਾਇਤਾ ਨਾਲ ਸਾਨੂੰ ਪ੍ਰਮਾਤਮਾ ਦੇ ਘਰ ਵਿਚ ਵੀ ਮਾਣ ਮਿਲਦਾ ਹੈ। ਇਕ ਸ਼ੋਕ ਸੰਦੇਸ਼ ਰਾਹੀਂ ਸੰਤ ਬਾਬਾ ਪ੍ਰਮੇਸ਼ਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਛੇਵੀਂ ਪਾਤਿਸ਼ਾਹੀ ਸਾਹਿਬ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਸ਼੍ਰੀ ਹਰਗੋਬਿੰਦਗੜ੍ਹ ਭੋਗ ਪੁਰ ਸਾਹਿਬ ਵੱਲੋਂ ਵੀ ਉਨ੍ਹਾਂ ਦੇ ਅਚਾਨਕ ਆਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬੀਬੀ ਪਰਮਜੀਤ ਕੌਰ ਕਾਹਲੋਂ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਰਾਮ ਪਾਲ ਸਾਹਨੀ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਕਾਹਲੋਂ ਇਕ ਧਾਰਮਿਕ ਬਿਰਤੀ ਵਾਲੇ ਨਿੱਤਨੇਮੀ ਤੇ ਭਲੇ ਇਨਸਾਨ ਸਨ ਤੇ ਹਮੇਸ਼ਾਂ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਸਨ। ਇਸ ਮੌਕੇ ਗਿਆਨੀ ਰਣਜੀਤ ਸਿੰਘ, ਗਿਆਨੀ ਅਜੀਤ ਸਿੰਘ ਪ੍ਰੇਮ ਪੁਰ, ਬਾਬਾ ਮਹੇਸ਼ ਚੰਦਰ, ਸਾਬਕਾ ਸਰਪੰਚ ਪਰਮਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਸਤਵਿੰਦਰ ਕੌਰ ਰੰਧਾਵਾ, ਜਸਕਰਨ ਕੌਰ ਰੰਧਾਵਾ, ਮਨਜੀਤ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ, ਮੋਹਨ ਸਿੰਘ ਕਾਹਲੋਂ,ਰਾਜਿੰਦਰ ਸਿੰਘ ਰੰਧਾਵਾ, ਗੁਰਕਰਨ ਸਿੰਘ ਰੰਧਾਵਾ, ਅਜੈਕਰਨ ਸਿੰਘ ਰੰਧਾਵਾ, ਤਰਲੋਚਨ ਸਿੰਘ, ਸਤਨਾਮ ਸਿੰਘ ਪੰਚ, ਕੁਲਦੀਪ ਸਿੰਘ, ਬਹਾਦਰ ਸਿੰਘ, ਬੀਰਬਲ, ਬਲਜਿੰਦਰ ਸਿੰਘ, ਬੀਤਾ ਹੇਲਰ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।