ਭਗਵਾਨ ਸ਼੍ਰੀ ਜਗਨਨਾਥ ਜੀ ਦੀਆਂ ਸੰਧਿਆ ਫੇਰੀਆਂ ਆਰੰਭ
ਭਗਵਾਨ ਸ਼੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਨਾਲ 45 ਦਿਨਾਂ ਦੀਆਂ ਘਰ-ਘਰ ਜਗਨਨਾਥ ਸੇਵਾ ਅਤੇ ਸੰਧਿਆ ਫੇਰੀਆਂ ਦਾ ਸ਼ੁਭ ਆਰੰਭ
Publish Date: Mon, 01 Jun 2026 08:56 PM (IST)
Updated Date: Mon, 01 Jun 2026 09:13 PM (IST)

ਅਗਲੇ 45 ਦਿਨਾਂ ਤੱਕ ਘਰ-ਘਰ ਹੋਵੇਗੀ ਜਗਨਨਾਥ ਸੇਵਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਸ਼੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਤੇ ਇਸਕਾਨ ਕਪੂਰਥਲਾ ਦੇ ਭਗਤਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਮਹੋਤਸਵ ਦੇ ਸਬੰਧ ਵਿਚ ਆਯੋਜਿਤ 45 ਦਿਨਾਂ ਦੀਆਂ ਘਰ-ਘਰ ਜਗਨਨਾਥ ਸੇਵਾ ਤੇ ਸੰਧਿਆ ਫੇਰੀਆਂ ਦਾ ਸ਼ੁਭ ਆਰੰਭ ਸ਼ਾਮ ਸਮੇਂ ਬਹੁਤ ਹੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਕੀਤਾ ਗਿਆ। ਪਹਿਲੀ ਸੰਧਿਆ ਫੇਰੀ ਨੇ ਸ਼ਾਲੀਮਾਰ ਰੋਡ ਤੇ ਮੁਹੱਲਾ ਬਾਵਿਆ ਦੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਇਸਕਾਨ ਕਪੂਰਥਲਾ ਦੇ ਸੰਚਾਲਕ ਨਕੁਲ ਦਾਸ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਸਨਾਤਨ ਧਰਮ ਸਭਾ ਵਿਖੇ ਵੈਦਿਕ ਮੰਤਰ ਉਚਾਰਣ, ਭਵਿਆ ਪੂਜਨ ਤੇ ਮੰਗਲ ਆਰਤੀ ਨਾਲ ਕੀਤੀ ਗਈ। ਇਸ ਦੌਰਾਨ ਦੀਪਕ ਸਲਵਾਨ, ਸੁਭਾਸ਼ ਮਕਰੰਦੀ ਤੇ ਸਭਾ ਦੇ ਹੋਰ ਅਹੁਦੇਦਾਰਾਂ ਨੇ ਭਗਵਾਨ ਸ਼੍ਰੀ ਜਗਨਨਾਥ, ਬਲਦੇਵ ਜੀ ਤੇ ਮਾਤਾ ਸੁਭਦਰਾ ਜੀ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਆਰਤੀ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਹਰੀਨਾਮ ਸੰਕੀਰਤਨ, ਮ੍ਰਿਦੰਗ ਤੇ ਕਰਤਾਲਾਂ ਦੀਆਂ ਮਧੁਰ ਧੁਨਾਂ ਨਾਲ ਪੂਰਾ ਮਾਹੌਲ ਭਗਤੀ ਰਸ ਵਿਚ ਡੁੱਬ ਗਿਆ। ਇਸ ਤੋਂ ਬਾਅਦ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਦਿਵਿਆ ਪਾਲਕੀ ਨੂੰ ਸ਼ਰਧਾਲੂਆਂ ਸਮੇਤ ਮੁਹੱਲਾ ਬਾਵਿਆ ਵਿਚ ਲਿਆਂਦਾ ਗਿਆ। ਯਾਤਰਾ ਮਾਰਗ ਦੌਰਾਨ ਕਈ ਥਾਵਾਂ ’ਤੇ ਸ਼ਰਧਾਲੂਆਂ ਤੇ ਸਥਾਨਕ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਗਵਾਨ ਦਾ ਭਵਿਆ ਸਵਾਗਤ ਕੀਤਾ। ਜਗ੍ਹਾ-ਜਗ੍ਹਾ ਆਰਤੀ ਉਤਾਰੀ ਗਈ ਤੇ ਵੱਖ-ਵੱਖ ਪ੍ਰਕਾਰ ਦੇ ਭੋਗ ਅਰਪਿਤ ਕੀਤੇ ਗਏ। ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਭਗਵਾਨ ਦੇ ਦਰਸ਼ਨ ਕਰਕੇ ਪੁੰਨ ਦਾ ਲਾਭ ਪ੍ਰਾਪਤ ਕੀਤਾ। ਸੰਧਿਆ ਫੇਰੀ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ, ਦੀਪਕ ਸਲਵਾਨ, ਵੀਨਾ ਸਲਵਾਨ, ਸੁਭਾਸ਼ ਮਕਰੰਦੀ, ਵਿਜੈ ਖੋਸਲਾ, ਨੇਹਾ ਸੱਭਰਵਾਲ ਸਮੇਤ ਕਈ ਮੋਹਤਬਰ ਵਿਅਕਤੀਆਂ ਨੇ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਜਗਨਨਾਥ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਹਰੀਨਾਮ ਸੰਕੀਰਤਨ ਦੀ ਧੁਨ ’ਤੇ ਭਗਤ ਨੱਚਦੇ ਹੋਏ ਆਨੰਦ ਮਾਣਦੇ ਨਜ਼ਰ ਆਏ ਤੇ ਪੂਰਾ ਮਾਹੌਲ “ਜੈ ਜਗਨਨਾਥ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਧਿਆ ਫੇਰੀ ਦਾ ਸਮਾਪਨ ਮੁਹੱਲਾ ਬਾਵਿਆ ਵਿਖੇ ਸ਼ਰਧਾਲੂ ਪਰਿਵਾਰ ਨਰੇਸ਼ ਕੱਦ ਤੇ ਕਰਨ ਕੱਦ ਦੇ ਨਿਵਾਸ ਸਥਾਨ ’ਤੇ ਭਵਿਆ ਆਰਤੀ ਨਾਲ ਹੋਇਆ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਭਗਤਾਂ ਨੇ ਆਰਤੀ ਵਿਚ ਭਾਗ ਲਿਆ। ਇਸ ਤੋਂ ਬਾਅਦ ਸਾਰੇ ਸ਼ਰਧਾਲੂਆਂ ਲਈ ਮਹਾਂਪ੍ਰਸਾਦ ਤੇ ਲੰਗਰ ਸੇਵਾ ਦਾ ਆਯੋਜਨ ਕੀਤਾ ਗਿਆ। ਭਗਤਾਂ ਨੂੰ ਸੰਬੋਧਨ ਕਰਦਿਆਂ ਨਕੁਲ ਦਾਸ ਨੇ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਦਿਵਿਆ ਮਹਿਮਾ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਜਗਨਨਾਥ “ਪਤਿਤ ਪਾਵਨ” ਹਨ, ਜੋ ਹਰ ਜੀਵ ’ਤੇ ਇਕਸਾਰ ਕਿਰਪਾ ਕਰਦੇ ਹਨ। ਰੱਥ ਯਾਤਰਾ ਤੇ ਘਰ-ਘਰ ਸੰਧਿਆ ਫੇਰੀਆਂ ਭਗਵਾਨ ਦੇ ਪਿਆਰ, ਕਰੁਣਾ ਤੇ ਸਰਬਸਾਂਝੇ ਸੰਦੇਸ਼ ਦਾ ਪ੍ਰਤੀਕ ਹਨ। ਭਗਵਾਨ ਆਪ ਆਪਣੇ ਭਗਤਾਂ ਦੇ ਦਰ ’ਤੇ ਪਹੁੰਚ ਕੇ ਉਨ੍ਹਾਂ ਨੂੰ ਆਪਣੀ ਕਿਰਪਾ ਦਾ ਅਨੁਭਵ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾ ਤੇ ਭਗਤੀ ਨਾਲ ਭਗਵਾਨ ਦੇ ਦਰਸ਼ਨ ਕਰਨ ਨਾਲ ਜੀਵਨ ਵਿਚ ਸੁੱਖ, ਸ਼ਾਂਤੀ ਤੇ ਆਧਿਆਤਮਿਕ ਆਨੰਦ ਦਾ ਸੰਚਾਰ ਹੁੰਦਾ ਹੈ। ਭਗਵਾਨ ਜਗਨਨਾਥ ਦੀ ਇਹ ਯਾਤਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਪ੍ਰਭੂ ਆਪਣੇ ਹਰ ਭਗਤ ਨੂੰ ਆਪਣੇ ਪਿਆਰ ਨਾਲ ਜੋੜਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਆਉਣ ਵਾਲੇ 45 ਦਿਨਾਂ ਤੱਕ ਸੰਧਿਆ ਫੇਰੀਆਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਹਜ਼ਾਰਾਂ ਪਰਿਵਾਰਾਂ ਨੂੰ ਭਗਵਾਨ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ। ਇਸਕਾਨ ਕਪੂਰਥਲਾ ਦੇ ਭਗਤ ਪੂਰੇ ਸਮਰਪਣ ਤੇ ਉਤਸ਼ਾਹ ਨਾਲ ਇਸ ਦਿਵਿਆ ਸੇਵਾ ਵਿਚ ਜੁਟੇ ਹੋਏ ਹਨ। ਅੰਤ ਵਿਚ ਇਸਕਾਨ ਕਪੂਰਥਲਾ ਤੇ ਸਮੂਹ ਭਗਤਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸੰਧਿਆ ਫੇਰੀਆਂ ਵਿਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਜਗਨਨਾਥ ਜੀ ਦਾ ਸਵਾਗਤ ਕਰਨ। ਪ੍ਰੋਗਰਾਮ ਦੇ ਸਮਾਪਨ ਮੌਕੇ ਨਕੁਲ ਦਾਸ ਤੇ ਵਨੀਤਾ ਅਗਰਵਾਲ ਨੇ ਦੱਸਿਆ ਕਿ 45 ਦਿਨਾਂ ਦੀਆਂ ਸੰਧਿਆ ਫੇਰੀਆਂ ਤੋਂ ਬਾਅਦ 19 ਜੁਲਾਈ ਨੂੰ ਚੌਥੀ ਭਵਿਆ ਰੱਥ ਯਾਤਰਾ ਕਪੂਰਥਲਾ ਦੇ ਸ਼੍ਰੀ ਸਨਾਤਨ ਧਰਮ ਸਭਾ ਤੋਂ ਸ਼ਾਮ 5 ਵਜੇ ਸ਼ੁਰੂ ਹੋਵੇਗੀ, ਜੋ ਸ਼ਹਿਰ ਦੀ ਪਰਿਕਰਮਾ ਕਰਦਿਆਂ ਭਗਤਾਂ ’ਤੇ ਕਿਰਪਾ ਵਰਸਾਏਗੀ। ਇਸ ਮੌਕੇ ਵੱਡੀ ਗਿਣਤੀ ਵਿਚ ਭਗਤਜਨ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ।