ਜੋਸਨ ਦੀ ਐਂਟਰੀ ਨਾਲ ਹਲਕੇ ’ਚ ਹੋਈ ਹਲਚਲ
ਇੰਦਰਜੀਤ ਜੋਸਨ ਦੀ ਐਂਟਰੀ ਨਾਲ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਨੇ ਫੜਿਆ ਨਵਾਂ ਰੁਖ
Publish Date: Thu, 09 Apr 2026 10:42 PM (IST)
Updated Date: Thu, 09 Apr 2026 10:44 PM (IST)

ਸੁਖਬੀਰ ਬਾਦਲ ਨਾਲ ਮੁਲਾਕਾਤ ਕਰਕੇ ਹਲਕੇ ਦੇ ਮਸਲਿਆਂ ’ਤੇ ਕੀਤੀ ਚਰਚਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਤੋਂ ਪ੍ਰਸਿੱਧ ਕਬੱਡੀ ਪ੍ਰਮੋਟਰ ਤੇ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਜੋਸਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਸਿਆਸੀ ਮੰਚ ‘ਤੇ ਇਕ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਵਿਚ ਦਾਖਲੇ ਦੇ ਤੁਰੰਤ ਬਾਅਦ ਹੀ ਇੰਦਰਜੀਤ ਜੋਸਨ ਨੇ ਆਪਣੇ ਕਦਮ ਤੇਜ਼ ਕਰਦੇ ਹੋਏ ਪਾਰਟੀ ਪ੍ਰਤੀ ਗਤਵਿਧੀਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਇੰਦਰਜੀਤ ਸਿੰਘ ਜੋਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਆਪਣੇ ਸਾਥੀਆਂ ਦੇ ਇਕ ਵਫਦ ਸਣੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਹਲਕੇ ਦੇ ਮੁੱਖ ਮਸਲਿਆਂ, ਵਿਕਾਸੀ ਲੋੜਾਂ ਤੇ ਲੋਕਾਂ ਨਾਲ ਜੁੜੇ ਮੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੁਲਾਕਾਤ ਸਿਰਫ਼ ਇਕ ਰੁਟੀਨ ਸਿਆਸੀ ਕਦਮ ਨਹੀਂ ਸੀ, ਸਗੋਂ ਹਲਕੇ ਵਿਚ ਅਕਾਲੀ ਦਲ ਦੀ ਨਵੀਂ ਰਣਨੀਤੀ ਦਾ ਸੰਕੇਤ ਵੀ ਮੰਨੀ ਜਾ ਰਹੀ ਹੈ। ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜੋਸਨ ਵੱਲੋਂ ਮਾਂ ਖੇਡ ਕਬੱਡੀ ਲਈ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਜੋਸਨ ਵਰਗੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਨੌਜਵਾਨ ਪਾਰਟੀ ਲਈ ਵੱਡੀ ਤਾਕਤ ਸਾਬਤ ਹੋ ਸਕਦੇ ਹਨ। ਨਾਲ ਹੀ, ਉਨ੍ਹਾਂ ਨੇ ਜੋਸਨ ਨੂੰ ਹੋਰ ਵੱਧ ਚੜ੍ਹ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ “ਮੈਂ ਹਮੇਸ਼ਾਂ ਜ਼ਮੀਨੀ ਪੱਧਰ ‘ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਿਆ ਹੈ। ਕਬੱਡੀ ਦੇ ਮੈਦਾਨ ਤੋਂ ਲੈ ਕੇ ਸਮਾਜ ਸੇਵਾ ਤੱਕ, ਜੋ ਵੀ ਕੁਝ ਆਪਣੇ ਪੱਧਰ ’ਤੇ ਕਰ ਸਕਿਆ ਹਾਂ, ਉਹ ਸਿਰਫ਼ ਲੋਕਾਂ ਦੇ ਪਿਆਰ ਨਾਲ ਸੰਭਵ ਹੋਇਆ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਯੂਰਪ ਪ੍ਰਧਾਨ ਇਕਬਾਲ ਸਿੰਘ ਭੱਟੀ, ਸਰਪੰਚ ਮਨਜੀਤ ਸਿੰਘ ਗੋਲਡੀ ਡੌਲਾ, ਸਰਪੰਚ ਬਲਵਿੰਦਰ ਸਿੰਘ ਲੱਡੂ ਤਲਵੰਡੀ ਚੌਧਰੀਆਂ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬੱਲੀ ਅਤੇ ਸਤਨਾਮ ਸਿੰਘ ਖਾਲਸਾ ਬੁੱਢਾ ਦਲ ਸਮੇਤ ਕਈ ਅਹਿਮ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਜੋਸਨ ਸਿਰਫ਼ ਕਬੱਡੀ ਤੱਕ ਸੀਮਿਤ ਨਹੀਂ ਰਹੇ, ਸਗੋਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਡੂੰਘੀ ਪਹਿਚਾਣ ਹੈ। ਲੋੜਵੰਦਾਂ ਦੇ ਘਰ ਬਣਾਉਣ ਤੋਂ ਲੈ ਕੇ ਉਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਤੱਕ, ਉਹ ਲਗਾਤਾਰ ਜ਼ਮੀਨੀ ਪੱਧਰ ’ਤੇ ਸਰਗਰਮ ਰਹੇ ਹਨ। ਇਸ ਤੋਂ ਇਲਾਵਾ, ਕਿਸਾਨੀ ਸੰਘਰਸ਼ ਦੌਰਾਨ ਵੀ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜੋਸਨ ਦੀ ਐਂਟਰੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ‘ਤੇ ਇਕ ਨਵਾਂ ਚਿਹਰਾ ਮਿਲਿਆ ਹੈ, ਜੋ ਖੇਡਾਂ ਤੇ ਸਮਾਜ ਸੇਵਾ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਵਿਚ ਸਮਰੱਥ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਸਿਆਸੀ ਗਠਜੋੜ ਹਲਕੇ ਦੀ ਸਿਆਸਤ ‘ਚ ਕਿਹੜੇ ਨਵੇਂ ਸਮੀਕਰਨ ਬਣਾਉਂਦਾ ਹੈ।