- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
"ਮਹੇੜੂ" ਤੋਂ "ਚਹੇੜੂ" ਰੋਡ ਤੇ ਦਿਨ- ਰਾਤ ਲੋਕਾਂ ਦੀ ਮੌਤ ਬਣ ਕੇ ਦੌੜਦੀਆਂ ਮਿੱਟੀ ਨਾਲ ਓਵਰਲੋਡਡ ਟਰਾਲੀਆਂ

ਹਰੀਸ਼ ਭੰਡਾਰੀ ਪੰਜਾਬੀ ਜਾਗਰਣ
ਫਗਵਾੜਾ : ਜਿਥੇ ਫਗਵਾੜਾ ਇਲਾਕੇ ਵਿਚ ਵੱਖ-ਵੱਖ ਜਗ੍ਹਾ ’ਤੇ ਲਗਾਤਾਰ ਹੀ ਨਾਜਾਇਜ਼ ਤੌਰ ’ਤੇ ਮਿੱਟੀ ਦੀ ਮਾਈਨਿੰਗ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ, ਉੱਥੇ ਦਿਨ-ਰਾਤ ਹੀ ਮਹੇੜੂ ਤੋਂ ਚਹੇੜੂ ਰੋਡ ’ਤੇ ਮਿੱਟੀ ਨਾਲ ਓਵਰਲੋਡਡ ਟਰਾਲੀਆਂ ਦੀ ਮਾਈਨਿੰਗ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਕਈ ਸਵਾਲ ਪੈਦਾ ਕਰ ਜਾਂਦੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਮਿੱਟੀ ਨਾਲ ਭਰੀਆਂ ਟਰਾਲੀਆਂ, ਜਿਨ੍ਹਾਂ ਉੱਪਰ ਕਦੇ ਵੀ ਕੋਈ ਤਰਪਾਲ ਤੱਕ ਨਹੀਂ ਪਾਈ ਹੁੰਦੀ, ਸਵੇਰ ਤੋਂ ਸ਼ਾਮ ਤੱਕ ਤੇਜ਼ ਰਫਤਾਰ ਦੌੜਦੀਆਂ ਚਹੇੜੂ ਮਹੇੜੂ ਦੀਆਂ ਸੜਕਾਂ ’ਤੇ ਤੁਹਾਨੂੰ ਆਮ ਨਜ਼ਰ ਆਉਣਗੀਆਂ। ਇਕ ਗੱਲ ਹੋਰ ਹੈਰਾਨ ਕਰ ਦਿੰਦੀ ਹੈ ਕਿ ਟਰਾਲੀ- ਟਰੈਕਟਰ ਚਾਲਕਾਂ ਦੇ ਕੰਨਾਂ ਨੂੰ ਹਮੇਸ਼ਾ ਹੀ ਫੋਨ ਲੱਗੇ ਹੋਏ ਹੁੰਦੇ ਹਨ ਤੇ ਇਸ ਦੇ ਚਾਲਕ ਵੀ 18 ਸਾਲਾਂ ਤੋਂ ਘੱਟ ਉਮਰ ਦੇ ਲੱਗਦੇ ਹਨ। ਤੇਜ਼ ਰਫਤਾਰ ਮਿੱਟੀ ਨਾਲ ਭਰੀਆਂ ਟਰਾਲੀਆਂ ਤੇ ਕੰਨਾਂ ਨੂੰ ਲੱਗੇ ਫੋਨ ਕਿਸੇ ਵੀ ਸਮੇਂ ਕੀਮਤੀ ਜਾਨਾਂ ਦਾ ਖੌਅ ਬਣ ਸਕਦੇ ਹਨ। ਜੇ ਇਸ ਇਲਾਕੇ ਵਿਚ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ, ਇਲਾਕਾ ਵਾਸੀ, ਮਾਈਨਿੰਗ ਕਰਨ ਵਾਲੇ ਜਾਂ ਪ੍ਰਸ਼ਾਸਨ? ਤੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਬਾਬਤ ਜਦੋਂ ਫਗਵਾੜਾ ਇਲਾਕੇ ਦੇ ਮਾਈਨਿੰਗ ਅਫਸਰ ਨੂੰ ਸਾਡੇ ਪ੍ਰਤੀਨਿਧੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਤਾਂ ਉਸ ਨੇ ਫੋਨ ਚੱਕਣਾ ਜ਼ਰੂਰੀ ਨਹੀਂ ਸਮਝਿਆ ਤੇ ਵਾਪਸੀ ਕਾਲ ਕਰਨਾ ਵੀ ਗੈਰ-ਜ਼ਰੂਰੀ ਹੀ ਸਮਝਿਆ।
ਜਿਥੇ ਮਿੱਟੀ ਨਾਲ ਓਵਰਲੋਡਡ ਤੇਜ਼ ਰਫਤਾਰ ਟਰਾਲੀਆਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਉਂਥੇ ਆਉਣ-ਜਾਣ ਵਾਲੇ ਰਾਹਗੀਰਾਂ ਲਈ ਵੀ ਇਕ ਮੁਸੀਬਤ ਬਣੀਆਂ ਹੋਈਆਂ ਹਨ, ਕਿਉਂਕਿ ਇਸ ਤੋਂ ਉਡਦੀ ਮਿੱਟੀ ਉੱਡਦੀ ਰਾਹਗੀਰਾਂ ਤੇ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ। ਸੂਤਰਾਂ ਅਨੁਸਾਰ ਕੋਈ ਸਾਈਂ ਨਾਮ ਦਾ ਗੁੱਜਰ ਭਾਈਚਾਰੇ ਦਾ ਵਪਾਰੀ ਹੈ, ਜੋ ਇਸ ਇਲਾਕੇ ਵਿਚ ਧੜੱਲੇ ਨਾਲ ਮਿੱਟੀ ਦੀ ਮਾਈਨਿੰਗ ਕਰ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਇਹ ਸ਼ਖਸ ਕਿਸ ਦੀ ਸ਼ਹਿ ’ਤੇ ਬੇਖੌਫ਼ ਇਹ ਗੈਰ ਕਾਨੂੰਨੀ ਧੰਦਾ ਕਰ ਰਿਹਾ ਹੈ ਜਾਂ ਫਿਰ ਇਸ ਵਿਚ ਪ੍ਰਸ਼ਾਸਨ ਦੀ ਵੀ ਹਿੱਸੇਦਾਰੀ ਹੈ? ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਇਨ੍ਹਾਂ ਤੇਜ਼ ਰਫਤਾਰ ਟਰਾਲੀਆਂ ਦੀਆਂ ਤਸਵੀਰਾਂ ਮਹੇੜੂ ਇਲਾਕੇ ਵਿਚ ਲੱਗੇ ਸੀਸੀ ਟੀਵੀ ਕੈਮਰਿਆਂ ਵਿਚ ਵੀ ਕੈਦ ਹਨ ਤੇ ਸਾਡੇ ਪ੍ਰਤੀਨਿਧੀ ਨੇ ਵੀ ਮਾਈਨਿੰਗ ਦੀਆਂ ਤਸਵੀਰਾਂ ਲਗਾਤਾਰ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ। ਇਥੇ ਇਹ ਗੱਲ ਵੀ ਇਕ ਵੱਡਾ ਸਵਾਲ ਪੈਦਾ ਕਰਦੀ ਹੈ ਕਿ ਇਲਾਕਾ ਵਾਸੀ ਆਖਿਰ ਇਸ ਨਜਾਇਜ਼ ਮਾਈਨਿੰਗ ਦੇ ਕੰਮ ਵੱਲ ਉਂਗਲ ਕਿਉਂ ਨਹੀਂ ਉਠਾ ਰਹੇ ਜਾਂ ਫਿਰ ਸਥਾਨਕ ਲੋਕਾਂ ਦੀ ਮਿਲੀਭੁਗਤ ਨਾਲ ਇਹ ਨਜਾਇਜ਼ ਧੰਦਾ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਈਨਿੰਗ ਵਿਭਾਗ ਜਾਂ ਸਬੰਧਤ ਪ੍ਰਸ਼ਾਸਨ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਦੇਵੇਗਾ ਜਾਂ ਸਭ ਕੁਝ ਜਾਣ ਕੇ ਅਣਜਾਣ ਬਣਦਾ ਹੋਇਆ ਕੁੰਭਕਰਨੀ ਨੀਦ ਸੁੱਤਾ ਰਹੇਗਾ।