ਸੜਕਾਂ ਤੇ ਘੁੰਮਦੀ ਮੌਤ ਲਈ ਜਿੰਮੇਵਾਰ ਕੌਣ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਬੀਤੇ ਦਿਨੀਂ ਫਗਵਾੜਾ ਸ਼ਹਿਰ ਦੇ ਜੋਤੀ ਵੈਸ਼ਨੋ ਢਾਬੇ ਦੇ ਬੰਦ ਪਏ ਪੈਲਸ ਵਿਚ ਵਾਪਰੀ ਘਟਨਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਝਿੰਝੋੜ ਕੇ ਰੱਖ ਦਿੱਤਾ, ਜਿਥੇ ਕਿ ਗਊ ਮਾਸ ਤਸਕਰੀ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਸੀ। ਇਸ ਦੇ ਬਾਵਜੂਦ ਵੀ ਹਿੰਦੂ ਸੰਗਠਨਾਂ, ਗਊਸ਼ਾਲਾਵਾਂ ਤੇ ਪ੍ਰਸ਼ਾਸਨ ਨੇ ਕੋਈ ਸੇਧ ਨਹੀਂ ਲਈ ਤੇ ਚਾਚੋਕੀ ਨਜ਼ਦੀਕ ਬਣੇ ਡੰਪ ’ਤੇ ਦਰਜਨਾਂ ਗਊਆਂ, ਵੱਛੇ, ਸਾਨ੍ਹ ਕੂੜਾ ਖਾਂਦੇ ਦਿਖਾਈ ਦੇ ਰਹੇ ਹਨ। ਬੀਤੇ ਸਮੇਂ ਵਿਚ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਵੱਲੋਂ ਫਗਵਾੜਾ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਲੁਧਿਆਣਾ ਗਊਸ਼ਾਲਾ ਭਿਜਵਾ ਦਿੱਤਾ ਸੀ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਮੁੜ ਫਗਵਾੜਾ ਸ਼ਹਿਰ ਵਿਚ ਸੜਕਾਂ ’ਤੇ ਸ਼ਰੇਆਮ ਅਵਾਰਾ ਪਸ਼ੂ ਘੁੰਮਣ ਲੱਗੇ ਹਨ ਤੇ ਨਗਰ ਨਿਗਮ ਸੁਸਤ ਹੋ ਕੇ ਬੈਠਾ ਹੈ। ਇਹ ਅਵਾਰਾ ਪਸ਼ੂ ਆਮ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਇਹ ਅਕਸਰ ਸੜਕਾਂ ’ਤੇ ਹੀ ਆਪਸ ਵਿਚ ਲੜਣ ਲਗਦੇ ਹਨ, ਜਿਸ ਕਾਰਣ ਆਮ ਲੋਕਾਂ ’ਤੇ ਹਮੇਸ਼ਾ ਮੌਤ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ। ਆਖਿਰ ਕੌਣ ਅਵਾਰਾ ਪਸ਼ੂਆਂ ਨੂੰ ਸੜਕਾਂ ’ਤੇ ਛੱਡ ਕੇ ਆਮ ਲੋਕਾਂ, ਰਾਹਗੀਰਾਂ, ਦੁਕਾਨਦਾਰਾ ਲਈ ਸਮੱਸਿਆ ਖੜੀ ਕਰ ਰਿਹਾ ਹੈ? ਇਨ੍ਹਾਂ ਅਵਾਰਾ ਪਸ਼ੂਆਂ ਵਿਚੋਂ ਕਈਆਂ ਦੇ ਕੰਨਾਂ ਉਪਰ ਟੈਗ ਵੀ ਲੱਗੇ ਹੋਏ ਹਨ। ਇਹ ਟੈਗ ਕਿਸਦੇ ਹਨ, ਇਹ ਤਾਂ ਨਗਰ ਨਿਗਮ ਹੀ ਜਾਂਚ ਕਰਕੇ ਦੱਸ ਸਕਦਾ ਹੈ। ਨਿਗਮ ਕਮਿਸ਼ਨਰ ਡਾ. ਜੱਸਲ ਵੱਲੋਂ ਸ਼ੁਰੁ ਕੀਤੀ ਗਈ ਮੁਹਿੰਮ ਤਹਿਤ 67 ਤੋਂ ਉਪਰ ਅਵਾਰਾ ਪਸ਼ੂਆਂ ਨੂੰ ਲੁਧਿਆਣਾ ਦੀ ਗਊਸ਼ਾਲਾ ਭਿਜਵਾਇਆ ਗਿਆ ਸੀ ਪਰ ਉਨ੍ਹਾਂ ਦੇ ਜਾਣ ਤੋਂ ਬਾਦ ਹੁਣ ਮੁੜ ਸ਼ਹਿਰ ਦੇ ਹਲਾਤ ਅਵਾਰਾ ਪਸ਼ੂਆਂ ਕਾਰਣ ਖਰਾਬ ਹੋ ਰਹੇ ਹਨ। ਨਵ-ਨਿਯੁਕਤ ਨਿਗਮ ਕਮਿਸ਼ਨਰ ਨੂੰ ਮੁੜ ਤੋਂ ਮੁਹਿੰਮ ਚਲਾਕੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਕਰਨਾ ਚਾਹੀਦਾ ਹੈ।
ਇਸ ਸੰਬਧੀ ਸ਼ਹਿਰ ਦੇ ਮੋਹਤਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਵਿਚਾਰ ਇੰਝ ਦੱਸੇ।
----------
ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੜਕਾਂ ’ਤੇ ਛੱਡ ਕੇ ਕੌਣ ਜਾਂਦਾ?
ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਆਏ ਦਿਨ ਸੜਕਾਂ ਤੇ ਅਵਾਰਾ ਪਸ਼ੂਆਂ ਦੀਆਂ ਡਾਰਾਂ ਘੁੰਮਦੀਆਂ ਮਿਲ ਜਾਣਗੀਆਂ। ਨਗਰ ਨਿਗਮ ਫਗਵਾੜਾ ਵੱਲੋਂ ਬੀਤੇ ਕੁਝ ਸਮਾਂ ਪਹਿਲਾਂ ਗਊਸ਼ਾਲਾਵਾਂ ਨਾਲ ਸੰਪਰਕ ਕਰਕੇ ਅਵਾਰਾ ਘੁੰਮ ਰਹੇ ਪਸ਼ੂਆਂ ਤੋਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੁਹਿੰਮ ਵਿੱਢੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਚਾਚੋਕੀ ਕੂੜੇ ਦੇ ਡੰਪ ’ਤੇ ਦਰਜਨਾਂ ਦੀ ਗਿਣਤੀ ਵਿਚ ਅਵਾਰਾ ਪਸ਼ੂ ਕੂੜਾ ਖਾਂਦੇ ਦਿਖਾਈ ਦੇ ਜਾਣਗੇ। ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਭਾਵੇਂ ਇਨ੍ਹਾਂ ਅਵਾਰਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਇਆ ਜਾਂਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਸਵਾਲ ਮੁੜ ਇਹੀ ਬਣਿਆ ਹੋਇਆ ਹੈ ਕਿ ਫਗਵਾੜਾ ਦੀਆਂ ਸੜਕਾਂ ’ਤੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਛੱਡ ਕੇ ਕੌਣ ਜਾਂਦਾ ਹੈ? ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰਾਂ ਤੇ ਪਸ਼ੂ ਪਾਲਕਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਅਵਾਰਾ ਪਸ਼ੂਆਂ ਦਾ ਕੋਈ ਵਾਲੀ ਵਾਰਸ ਕਿਉਂ ਨਹੀ ਬਣ ਰਿਹਾ? ਜਦਕਿ ਗਊਆਂ ਦੇ ਪਾਲਣ-ਪੋਸ਼ਣ ਲਈ ਸਰਕਾਰ ਵੱਲੋਂ ਹਰ ਇਕ ਆਮ ਆਦਮੀ ਤੋਂ ਗਊ ਟੈਕਸ ਲਿਆ ਜਾ ਰਿਹਾ ਹੈ।
----------
ਅਵਾਰਾ ਪਸ਼ੂਆਂ ’ਤੇ ਕਊ ਸੈੱਸ ਹੀ ਖਰਚ ਦਿਓ
ਸਮਾਜ ਸੇਵਕ ਅਮਿਤ ਅਰੋੜਾ ਨੇ ਕਿਹਾ ਕਿ ਗਊਆਂ ਤੇ ਅਵਾਰਾ ਪਸ਼ੂਆਂ ਦੇ ਪਾਲਣ ਪੋਸ਼ਣ ਲਈ ਸਰਕਾਰ ਵੱਲੋਂ ਹਰ ਇਕ ਆਮ ਆਦਮੀ ਤੋਂ ਗਊ ਟੈਕਸ ਲਿਆ ਜਾ ਰਿਹਾ ਹੈ, ਫੇਰ ਵੀ ਰੋਜ਼ ਕਿਤੇ ਨਾ ਕਿਤੇ ਅਵਾਰਾ ਘੁੰਮਦੇ ਪਸ਼ੂ ਦੁਰਘਟਨਾ ਦਾ ਕਾਰਣ ਬਣਦੇ ਹਨ। ਸਰਕਾਰ ਵੱਲੋਂ ਕਾਊ ਸੈੱਸ ਦੇ ਨਾਮ ’ਤੇ ਚਾਰ ਪਹੀਆ ਵਾਹਣ ਖਰੀਦਣ 'ਤੇ 1,000 ਰੁਪਏ ਦੀ ਦਰ ਨਾਲ, ਦੋ ਪਹੀਆ ਦੀ ਖਰੀਦ ਤੇ 500 ਰੁਪਏ, ਤੇਲ ਟੈਂਕਰ ’ਤੇ 100 ਰੁਪਏ, ਬਿਜਲੀ ਦੀ ਪ੍ਰਤੀ ਯੂਨਿਟ ’ਤੇ 2 ਪੈਸੇ, ਮੈਰਿਜ ਪੈਲੇਸ ਦੇ ਏਸੀ ਹਾਲ ਦੀ ਬੁਕਿੰਗ’ਤੇ 1,000 ਰੁਪਏ, ਨਾਨ-ਏਸੀ ਹਾਲ ਦੀ ਬੁਕਿੰਗ 'ਤੇ 500 ਰੁਪਏ, ਸ਼ਰਾਬ ਦੀ ਪ੍ਰਤੀ ਬੋਤਲ ’ਤੇ 10 ਰੁਪਏ ਕਊ ਸੈੱਸ ਲਗਾਇਆ ਜਾ ਰਿਹਾ ਹੈ। ਗਊਆਂ ਦੇ ਨਾਮ ’ਤੇ ਇੱਕਠੀ ਕੀਤੀ ਰਕਮ ਲਗਭਗ 90 ਤੋਂ 100 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰ ਗਊਆਂ ਤੇ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ ਆਮ ਲੋਕਾਂ ਤੋਂ ਇਕੱਠਾ ਕਰ ਰਹੀ ਹੈ। ਲੋਕਾਂ ਕੋਲੋਂ ਲਏ ਟੈਕਸ ਨੂੰ ਹੀ ਜੇਕਰ ਅਵਾਰਾ ਪਸ਼ੂਆਂ ਉਪਰ ਖਰਚ ਕੀਤਾ ਜਾਵੇ ਤਾਂ ਸ਼ਾਇਦ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂ ਵੀ ਸੁਰੱਖਿਅਤ ਹੋ ਸਕਦੇ ਹਨ ਤੇ ਆਮ ਲੋਕ ਵੀ।
-----------
ਕਊ ਸੈੱਸ ਆਖਿਰ ਜਾਂਦਾ ਕਿੱਥੇ ਹੈ?
ਸਮਾਜ ਸੇਵਕ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਸਰਕਾਰੀ ਰਿਪੋਰਟਾਂ ਮੁਤਾਬਿਕ ਪੂਰੇ ਦੇਸ਼ ਅੰਦਰ ਲਗਭਗ 280 ਵਿਅਕਤੀ ਅਵਾਰਾ ਗਊਆਂ ਤੇ ਪਸ਼ੂਆਂ ਨਾਲ ਐਕਸੀਡੈਂਟ ਤੋਂ ਬਾਅਦ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਸ ਵੇਲੇ ਗਉ ਰਖਿਅਕ ਦਸਤੇ ਆਕੇ ਡਰਾਈਵਰਾਂ ਦਾ ਦੋਸ਼ ਕੱਢ ਦਿੰਦੇ ਹਨ ਕਿ ਗੱਡੀ ਠੀਕ ਨਹੀ ਚਲਾਈ। ਕੁਝ ਮਾਮਲਿਆ ਵਿਚ ਤਾਂ ਰਕਮਾਂ ਦੀ ਵੀ ਗੱਲ ਚਲਦੀ ਹੈ। ਸੜਕਾਂ ’ਤੇ ਅਵਾਰਾ ਫਿਰਦੇ ਇਨ੍ਹਾਂ ਪਸ਼ੂਆਂ ਦੀ ਸਾਰ ਨਾ ਤਾਂ ਕੋਈ ਗਉ ਰਖਿਅਕ ਦਸਤਾ ਲੈ ਰਿਹਾ ਹੈ ਤੇ ਨਾ ਹੀ ਸਰਕਾਰਾਂ। ਲੋਕਾਂ ਤੋਂ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਲ਼ਿਆ ਜਾਂਦਾ ਟੈਕਸ ਆਖਿਰ ਜਾ ਕਿਥੇ ਰਿਹਾ ਹੈ। ਉਹ ਤਾਂ ਸੜਕਾਂ ’ਤੇ ਘੁੰਮ ਰਹੇ ਹਨ। ਫੇਰ ਆਮ ਲੋਕਾਂ ਤੋਂ ਟੈਕਸ ਲੈਣ ਦੀ ਜ਼ਰੂਰਤ ਹੀ ਕੀ ਹੈ।
ਗਊਆਂ ਦੇ ਨਾਂ ਵੀ ਪੈਨਸ਼ਨ ਲਗਾਈ ਜਾਵੇ
ਜਦੋਂ ਇਸ ਸੰਬਧੀ ਸਮਾਜ ਸੇਵਕ ਸੌਰਵ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਲੋਕ ਤੇ ਸਰਕਾਰ ਦੋਵੇਂ ਹੀ ਬਰਾਬਰ ਦੀ ਦੋਸ਼ੀ ਹਨ। ਅਵਾਰਾ ਪਸ਼ੂਆਂ ਨੂੰ ਸੜਕਾਂ ਤੇ ਕੌਣ ਛੱਡਦਾ ਹੈ। ਜੋ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ, ਲੋਕ ਉਨ੍ਹਾਂ ਦੀ ਖੁਰਾਕ ਨੂੰ ਬੋਝ ਸਮਝਣ ਲਗ ਜਾਂਦੇ ਹਨ ਤੇ ਸੜਕਾਂ ’ਤੇ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਰਮੀ ਵਿਚ ਭਰਤੀ ਇਕ ਕੁੱਤੇ ਨੂੰ ਸਰਕਾਰ ਵੱਲੋਂ ਆਖਿਰੀ ਸਾਹ ਤੱਕ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ ਕਿਉਂਕਿ ਉਹ ਸਰਕਾਰੀ ਵਿਭਾਗ ਵਿਚ ਕੰਮ ਕਰਦਾ ਹੈ ਅਤੇ ਜਿਸ ਗਊ ਮਾਤਾ ਨਾਲ ਹਿੰਦੂ ਧਰਮ ਜੁੜਿਆ ਹੋਇਆ ਹੈ, ਉਸਨੂੰ ਦੁੱਧ ਨਾ ਦੇਣ ’ਤੇ ਸੜਕਾਂ ’ਤੇ ਅਵਾਰਾ ਛੱਡ ਦਿੱਤਾ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵੀ ਪਸ਼ੂ ਪਾਲਕ ਹਨ, ਉਨ੍ਹਾਂ ਤੋਂ ਪਾਲੇ ਹੋਏ ਪਸ਼ੂਆਂ ਦੀ ਜਾਣਕਾਰੀ ਲਈ ਜਾਵੇ ਤੇ ਜੋ ਗਊਆਂ ਦੁੱਧ ਦੇਣ ਦੇ ਕਾਬਿਲ ਨਹੀ ਹਨ, ਉਨ੍ਹਾਂ ਦੇ ਨਾਮ ’ਤੇ ਵੀ ਪੈਨਸ਼ਨ ਲਗਾ ਦਿੱਤੀ ਜਾਵੇ, ਜਿਸ ਨਾਲ ਉਸਦੀ ਖੁਰਾਕ ਦਾ ਇੰਤਜ਼ਾਮ ਹੋ ਜਾਵੇਗਾ ਤੇ ਪਸ਼ੂ ਪਾਲਕ ਵੀ ਉਸਨੂੰ ਅਵਾਰਾ ਨਹੀ ਛੱਡੇਗਾ।