ਮਹੇੜੂ ਮੁੱਖ ਮਾਰਗ ’ਤੇ ਹੁੰਦੇ ਭਿਆਨਕ ਹਾਦਸਿਆਂ ਦਾ ਜਿੰਮੇਵਾਰ ਕੌਣ
ਲਾਅ ਗੇਟ ,ਮਹੇੜੂ ਦੇ ਇਸ ਮੁੱਖ ਮਾਰਗ ਤੇ ਰੋਜਾਨਾ ਹੀ ਹੁੰਦੇ ਭਿਆਨਕ ਹਾਦਸਿਆਂ ਦਾ ਜਿੰਮੇਵਾਰ ਕੌਣ ?
Publish Date: Mon, 01 Jun 2026 07:37 PM (IST)
Updated Date: Mon, 01 Jun 2026 09:12 PM (IST)

ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਮਸ਼ਹੂਰ ਲਾਅ ਗੇਟ, ਮਹੇੜੂ ਦੇ ਇਸ ਮੁੱਖ ਮਾਰਗ ’ਤੇ ਰੋਜ਼ਾਨਾ ਹੀ ਵਾਪਰਦੇ ਭਿਆਨਕ ਸੜਕ ਹਾਦਸਿਆਂ ਦਾ ਆਖਿਰ ਜ਼ਿੰਮੇਵਾਰ ਕੌਣ ਹੈ, ਖੁਦ ਲੋਕ ਜਾਂ ਫਿਰ ਸਬੰਧਤ ਪ੍ਰਸ਼ਾਸਨ? ਰੋਜ਼ਾਨਾ ਹੀ ਲਾਅ ਗੇਟ ਮਹੇੜੂ ਦੇ ਮੁੱਖ ਮਾਰਗ ਵਿਚ ਤੇਜ਼ ਰਫਤਾਰ ਵਾਹਨਾਂ ਕਰਕੇ ਵਾਪਰਦੇ ਵੱਡੇ ਹਾਦਸੇ ਜਿਥੇ ਆਉਣ-ਜਾਣ ਵਾਲਿਆਂ ਦੀ ਤੇਜ਼-ਰਫਤਾਰੀ ਤੇ ਉਂਗਲ ਉਠਾਉਂਦੇ ਹਨ, ਉਥੇ ਸ਼ਾਸਨ-ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਕਈ ਠੋਸ ਸਵਾਲ ਪੈਦਾ ਕਰ ਜਾਂਦੇ ਹਨ। ਜ਼ਿਕਰਯੋਗ ਹੈ ਕਿ ਲਾਅ ਗੇਟ ਮਹੇੜੂ ਮੁੱਖ ਮਾਰਗ ’ਤੇ ਜਿੱਥੇ ਕਿ ਤਕਰੀਬਨ ਦਿਨ-ਰਾਤ ਹੀ ਲੋਕਾਂ ਤੇ ਵਾਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਵਾਹਨ ਭਾਵੇਂ ਉਹ ਦੋ ਪਹੀਆ ਹੋਣ, ਭਾਵੇਂ ਚਾਰ ਪਹੀਆ ਤੇ ਚਾਹੇ ਆਟੋ ਵਾਲੇ, ਇਨ੍ਹਾਂ ਦੀ ਤੇਜ਼ ਰਫਤਾਰ ਤੇ ਜਲਦਬਾਜ਼ੀ ਕਈ ਵਾਰੀ ਅਜਿਹੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ, ਜੋ ਬਾਅਦ ਵਿਚ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਜਾਂਦੀ ਹੈ। ਖ਼ਾਸ ਕਰ ਆਮ ਲੋਕਾਂ ਲਈ ਜੋ ਪੈਦਲ ਜਾਂਦੇ ਹਨ ਜਾਂ ਫਿਰ ਸਾਈਕਲ ਵਗੈਰਾ ’ਤੇ। ਸ਼ਾਮ ਦੇ ਟਾਈਮ ਉਨ੍ਹਾਂ ਦਾ ਇਥੋਂ ਇਕ ਸਾਈਡ ਤੋਂ ਦੂਸਰੀ ਸਾਈਡ ਸੜਕ ਤੱਕ ਪਾਰ ਜਾਣਾ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ। ਤੇਜ਼ ਗਤੀ ਵਾਲੇ ਵਾਹਨ ਇਨ੍ਹਾਂ ਸੜਕਾਂ ’ਤੇ ਮੌਤ ਬਣ ਕੇ ਘੁੰਮਦੇ ਨਜ਼ਰ ਆਉਂਦੇ ਹਨ। ਲਾਅ ਗੇਟ ਦੇ ਐਂਟਰੀ ਵਾਲੇ ਇਸ ਮੁੱਖ ਮਾਰਗ ਦੀਆਂ ਹਾਦਸਾਗ੍ਰਸਤ ਤਸਵੀਰਾਂ ਆਸਪਾਸ ਦੇ ਲੱਗੇ ਸੀਸੀਟ ਵੀ ਕੈਮਰਿਆਂ ਵਿਚ ਵੀ ਅਕਸਰ ਕੈਦ ਹੁੰਦੀਆਂ ਹਨ। ਜਿਥੇ ਇਹ ਇਲਾਕਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ , ਉੱਥੇ ਦੱਸ ਦਿੰਦੇ ਹਾਂ ਕਿ ਇਥੇ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਆ ਵਸੇ ਹੋਏ ਹਨ, ਚਾਹੇ ਉਹ ਵਪਾਰ ਕਰਦੇ ਹਨ ਜਾਂ ਵਪਾਰ ਦੀ ਆੜ ਵਿਚ ਇਤਰਾਜ਼ਯੋਗ ਕੰਮ, ਕੁਝ ਅਜਿਹੇ ਸ਼ਰਾਰਤੀ ਅਨਸਰਾਂ ਕਰਕੇ ਹੀ ਇਹ ਇਲਾਕਾ ਹਮੇਸ਼ਾ ਜਿਥੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਉੱਥੇ ਬਦਨਾਮ ਵੀ ਹੈ ਪਰ ਇਥੇ ਦੱਸ ਦਿੰਦੇ ਹਾਂ ਕਿ ਜਿਹੜੇ ਪਹਿਲਾਂ ਤੋਂ ਇਥੇ ਲੋਕ ਵਸੇ ਹੋਏ ਹਨ, ਉਨ੍ਹਾਂ ਦਾ ਅਕਸ ਵੀ ਬਾਹਰੋਂ ਆ ਕੇ ਵਸੇ ਹੋਏ ਲੋਕ ਆਪਣੇ ਗਲਤ ਕੰਮਾਂ ਕਰਕੇ ਖਰਾਬ ਕਰਦੇ ਹਨ। ਖ਼ੈਰ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਲਾਅ ਗੇਟ ਮੁੱਖ ਮਾਰਗ ’ਤੇ ਸਪੀਡ ਬਰੇਕਰ ਬਣਵਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।