ਆਖ਼ਰ ਕਦੋਂ ਖੁੱਲਣਗੇ ਮਹੇੜੂ ਪਿੰਡ ਦੀ ਬੰਦ ਪਈ ਸਰਕਾਰੀ ਡਿਸਪੈਂਸਰੀ ਦੇ ਜਿੰਦਰੇ
ਆਖਿਰ ਕਦੋਂ ਖੁੱਲਣਗੇ ਮਹੇੜੂ ਪਿੰਡ ਦੀ ਬੰਦ ਪਈ ਸਰਕਾਰੀ ਡਿਸਪੈਂਸਰੀ ਦੇ ਜਿੰਦਰੇ
Publish Date: Wed, 10 Jun 2026 07:21 PM (IST)
Updated Date: Thu, 11 Jun 2026 04:06 AM (IST)

ਕੈਪਸ਼ਨ-10ਪੀਐਚਜੀ14 ,10ਪੀਐਚਜੀ15 ਬੰਦ ਪਈ ਡਿਸਪੈਂਸਰੀ ਦੀਆਂ ਤਸਵੀਰਾਂ। ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਇਕ ਪਾਸੇ ਜਿੱਥੇ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਸੁੱਖ-ਸਹੂਲਤਾਂ ਤੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ, ਉੱਥੇ ਫਗਵਾੜਾ ਸ਼ਹਿਰ ਦੀ ਗੱਲ ਕਰੀਏ ਤਾਂ ਫਗਵਾੜਾ ਸ਼ਹਿਰ ਦੇ ਬਹੁਤ ਸਾਰੇ ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਦੀ ਹਾਲਤ ਜਿੱਥੇ ਖਸਤਾ ਹੈ, ਉੱਥੇ ਫਗਵਾੜਾ ਲਾਗਲੇ ਮਸ਼ਹੂਰ ਪਿੰਡ ਮਹੇੜੂ ਦੀ ਸਰਕਾਰੀ ਡਿਸਪੈਂਸਰੀ ਇੰਝ ਕਹਿ ਲਓ ਕਿ ਖੁਦ ਹੀ ਬਿਮਾਰ ਪਈ ਹੈ, ਜੋ ਇੱਕ ਮਹੀਨੇ ’ਚ ਕਦੇ-ਕਦੇ ਹੀ ਖੁੱਲੀ ਦਿਖਾਈ ਦਿੰਦੀ ਹੈ। ਸਾਡੀ ਟੀਮ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਸ ਡਿਸਪੈਂਸਰੀ ਦੇ ਬੰਦ ਰਹਿਣ ਦੀ ਸਮੱਸਿਆ ਨੂੰ ਧਿਆਨ ’ਚ ਲਿਆਂਦਾ ਗਿਆ ਤੇ ਡਿਸਪੈਂਸਰੀ ਹਮੇਸ਼ਾ ਬੰਦ ਪਾਈ ਗਈ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਸਾਡੀ ਟੀਮ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਡਿਸਪੈਂਸਰੀ ਸਿਰਫ ਮਹੀਨੇ ’ਚ ਇਕ ਵਾਰ ਬੱਚਿਆਂ ਜਾਂ ਗਰਭਵਤੀ ਔਰਤਾਂ ਦੇ ਟੀਕੇ ਲੱਗਣ ਸਮੇਂ ਹੀ ਖੁੱਲ੍ਹਦੀ ਹੈ। ਜਦੋਂ ਮੀਡੀਆ ਵੱਲੋਂ ਡਿਸਪੈਂਸਰੀ ਦਾ ਬੀਤੇ ਦਿਨ ਦੌਰਾ ਕੀਤਾ ਗਿਆ ਤਾਂ ਜਿੱਥੇ ਬਾਹਰ ਜਿੰਦਰਾ ਪਾਇਆ ਗਿਆ, ਉੱਥੇ ਡਿਸਪੈਂਸਰੀ ਦੀ ਇਕ ਸਾਈਡ ਵਾਲੀ ਕੰਧ ਕੋਨੇ ਤੋਂ ਢਿੱਠੀ ਪਾਈ ਗਈ ਅਤੇ ਅੰਦਰ ਜੰਗਲੀ ਬੂਟੀਆਂ ਤੇ ਜਮੀਨ ’ਤੇ ਘਾਹ-ਫੂਸ, ਕੂੜਾ ਕਰਕਟ ਦੇਖਣ ਨੂੰ ਮਿਲਿਆ। ‘ਪੰਜਾਬੀ ਜਾਗਰਣ’ ’ਚ ਪਹਿਲਾਂ ਵੀ ਇਸ ਡਿਸਪੈਂਸਰੀ ਦੇ ਬੰਦ ਰਹਿਣ ਦੀ ਸਮੱਸਿਆ ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਉਦੋਂ ਪਿੰਡ ਮਹੇੜੂ ਦੇ ਕੁਝ ਲੋਕ ਇਕੱਠੇ ਵੀ ਹੋਏ ਸਨ, ਪਰ ਉਸ ਦਾ ਵੀ ਸਿਵਲ ਪ੍ਰਸ਼ਾਸਨ ’ਤੇ ਅਜੇ ਤੱਕ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਲੋਕ ਉਦੋਂ ਵੀ ਖੱਜਲ-ਖ਼ਰਾਬ ਹੋ ਰਹੇ ਸੀ ਤੇ ਅੱਜ ਵੀ ਲੋੜਵੰਦ ਮਰੀਜ਼ ਬੰਦ ਪਈ ਡਿਸਪੈਂਸਰੀ ਦੇਖ ਮਾਯੂਸ ਹੋ ਕੇ ਬਾਹਰੋਂ ਹੀ ਮੁੜ ਜਾਂਦੇ ਹਨ ਅਤੇ ਸ਼ਹਿਰ ਦੇ ਸਰਕਾਰੀ ਸਿਵਲ ਹਸਪਤਾਲ ’ਚ ਧੱਕੇ ਖਾਣ ਲਈ ਮਜਬੂਰ ਹੁੰਦੇ ਹਨ। ਖਾਸ ਤੌਰ ਤੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਹਨ ਜੋ ਅਸਲ ਵਿੱਚ ਸਰਕਾਰੀ ਮੈਡੀਕਲ ਸੁਵਿਧਾਵਾਂ ਨਾਲ ਲੈਸ ਪਿੰਡਾਂ ’ਚ ਡਿਸਪੈਂਸਰੀ ਵਰਗੀਆਂ ਸਹੂਲਤਾਂ ਲਈ ਜ਼ਰੂਰਤਮੰਦ ਹੁੰਦੇ ਹਨ ,ਜਿਨਾਂ ਵਿੱਚ ਬਜ਼ੁਰਗ ਲੋਕ ਵੀ ਸ਼ਾਮਲ ਹਨ, ਉਨ੍ਹਾਂ ਨੂੰ ਵਧੇਰੇ ਪਰੇਸ਼ਾਨੀ ਝੇਲਣੀ ਪੈਂਦੀ ਹੈ। ਇਸ ਬਾਬਤ ਕੁਝ ਦਿਨ ਪਹਿਲਾਂ ਜਦੋਂ ਅਸੀਂ ਐੱਸਐੱਮਓ ਪਾਂਸ਼ਟਾ ਵੱਲੋਂ ਦਿੱਤੇ ਗਏ ਨੰਬਰ ’ਤੇ ਕਾਲ ਕੀਤੀ ਤਾਂ ਉਨ੍ਹਾਂ ਫੋਨ ’ਤੇ ਕਿਹਾ ਕਿ ਉਨ੍ਹਾਂ ਦੀ ਬਦਲੀ ਜਲੰਧਰ ਹੋ ਗਈ ਹੈ। ਉਸ ਤੋਂ ਬਾਅਦ ਜਦੋਂ ਨਵੇਂ ਐੱਸਐੱਮਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।