ਸੰਗਤਾਂ ਦੀ ਬਸ ਪੁੱਟੀ ਹੋਈ ਸੜਕ ’ਚ ਫਸੀ, ਵਾਲ-ਵਾਲ ਬਚੇ ਸ਼ਰਧਾਲੂ
ਕਦੋਂ ਸੁਧਰੇਗੀ ਪਾਵਨ ਨਗਰੀ ਦੀਆਂ ਸੜਕਾਂ ਦੀ ਹਾਲਤ -ਖਾਲਸਾ
Publish Date: Sat, 28 Feb 2026 08:31 PM (IST)
Updated Date: Sat, 28 Feb 2026 08:34 PM (IST)

ਕਦੋਂ ਸੁਧਰੇਗੀ ਪਾਵਨ ਨਗਰੀ ਦੀਆਂ ਸੜਕਾਂ ਦੀ ਹਾਲਤ : ਖਾਲਸਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਖਿਰ ਕਦੋਂ ਬਨਣਗੀਆਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀਆਂ ਟੁੱਟੀਆਂ ਸੜਕਾਂ, ਕੀ ਪ੍ਰਸ਼ਾਸਨ ਕਿਸੇ ਗੰਭੀਰ ਘਟਨਾ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਸਮਾਰਟ ਸਿਟੀ ਦੇ ਨਾਂ ’ਤੇ ਹੋ ਰਹੇ ਵਿਕਾਸ ਕਾਰਜਾਂ ਨੇ ਪਾਵਨ ਨਗਰੀ ਦੀ ਖੂਬਸੂਰਤ ਤਸਵੀਰ ਨੂੰ ਬਦ ਤੋਂ ਬਦਤਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਪ੍ਰਸ਼ਾਸਨ ਤੇ ਸਰਕਾਰ ਦੇ ਆਗੂ ਹਾਲੇ ਤੱਕ ਬਿਆਨਬਾਜ਼ੀ ਤੱਕ ਹੀ ਸੀਮਿਤ ਹਨ। ਬੀਤੇ ਦਿਨੀਂ ਗੁਰਦੁਆਰਾ ਹੱਟ ਸਾਹਿਬ ਤੋਂ ਗੁਰਦੁਆਰਾ ਬੇਬੇ ਨਾਨਕੀ ਪੁਰਾਤਨ ਘਰ ਨੂੰ ਜਾਂਦੀ ਮੁੱਖ ਸੜਕ ਤੇ ਸ਼ਰਧਾਲੂਆਂ ਦੀ ਇਕ ਬੱਸ ਖਸਤਾਹਾਲ ਸੜਕ ਵਿਚਕਾਰ ਫਸ ਗਈ, ਜਿਸ ਨਾਲ ਬਸ ਟੇਢੀ ਹੋ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਘਰ ਦੇ ਸਾਹਮਣੇ ਚੌਂਕ ਵਿਚ ਵਾਪਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਸ਼ਹਿਰ ਪਿਛਲੇ ਚਾਰ ਸਾਲ ਤੋਂ ਨਰਕ ਭੋਗ ਰਿਹਾ ਹੈ ਪਰ ਸਰਕਾਰ ਦੀ ਸਿਹਤ ’ਤੇ ਇਸ ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿੰਨੀ ਵਾਰੀ ਇਸ ਸੜਕ ਨੂੰ ਕਦੇ ਸੀਵਰੇਜ ਵਿਭਾਗ, ਕਦੀ ਵਾਟਰ ਸਪਲਾਈ, ਕਦੀ ਕੋਈ ਪਾਈਪ ਵਿਛਾਉਣ ਦੇ ਲਈ ਪੁੱਟਿਆ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵਾਟਰ ਸਪਲਾਈ ਵੱਲੋਂ ਪਾਈਪ ਪਾਉਣ ਲਈ ਜੇਸੀਬੀ ਰਾਹੀਂ ਪੁੱਟੀ ਜਾ ਰਹੀ ਸੜਕ ’ਤੇ ਪਹਿਲਾਂ ਪਾਏ ਪਾਈਪ ਨੂੰ ਤੋੜ ਦਿੱਤਾ, ਜਿਸ ਕਾਰਨ ਕਰੀਬ 10 ਦਿਨ ਤੱਕ ਇਥੇ ਬਹੁਤ ਹੀ ਬੁਰੀ ਹਾਲਤ ਰਹੀ। ਵਿਭਾਗ ਵੱਲੋਂ ਸੜਕ ਤੋਂ ਪੁੱਟੀ ਗਈ ਮਿੱਟੀ ਨੂੰ ਵੀ ਪੂਰੀ ਤਰ੍ਹਾਂ ਪੂਰਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਦੇ ਕਿਸੇ ਮਹੱਲੇ ਤੇ ਕਦੇ ਕਿਸੇ ਸੜਕ ਨੂੰ ਪੁੱਟਿਆ ਜਾ ਰਿਹਾ ਹੈ ਤੇ ਹਾਲੇ ਤੱਕ ਕੰਮ ਨੂੰ ਸਿਰੇ ਨਹੀਂ ਚਾੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਚੌਂਕ ਦੇ ਨਜ਼ਦੀਕ ਤਿੰਨ ਇਤਿਹਾਸਕ ਗੁਰਦੁਆਰੇ ਹਨ ਤੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਲਈ ਆਉਂਦੀਆਂ ਹਨ ਪਰ ਸੜਕ ਤੇ ਸ਼ਹਿਰ ਦੀ ਅਜਿਹੀ ਹਾਲਤ ਵੇਖ ਕੇ ਉਨ੍ਹਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਹੈ। ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸੜਕਾਂ ਦੀ ਮੁਰੰਮਤ ਕਰਵਾ ਕੇ ਸੰਗਤਾਂ ਤੇ ਸ਼ਹਿਰ ਨਿਵਾਸੀਆਂ ਨੂੰ ਰਾਹਤ ਦਿੱਤੀ ਜਾਵੇ।