- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਤੋਂ ਬਚਾਅ ਲਈ ਕਣਕ ਦੀ ਫਸਲ ਦਾ ਧਿਆਨ ਰੱਖਿਆ ਜਾਵੇ-ਧੰਜੂ

ਗਰਮੀ ਤੋਂ ਬਚਾਅ ਲਈ ਕਣਕ ਦੀ ਫਸਲ ਦਾ ਧਿਆਨ ਰੱਖਿਆ ਜਾਵੇ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਮਾਰਚ ਦਾ ਮਹੀਨਾ ਚੜ੍ਹ ਚੁਕਿਆ ਹੈ ਤੇ ਇਸ ਵਾਰ ਗਰਮੀ ਲਗਭਗ 10 ਦਿਨ ਪਹਿਲਾਂ ਆ ਚੁਕੀ ਹੈ। ਦਿਨ ਵੇਲੇ ਦਾ ਤਾਪਮਾਨ ਔਸਤ ਨਾਲੋਂ 4-5 ਡਿਗਰੀ ਵੱਧ ਚੱਲ ਰਿਹਾ ਹੈ। ਵੱਧ ਤਾਪਮਾਨ ਫ਼ਸਲਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਸਮੇਂ ਕਣਕ ਤੇ ਸਰ੍ਹੋਂ ਦੀ ਫ਼ਸਲ ਦਾਣੇ ਭਰਨ ਦੀ ਅਵਸਥਾ ਵਿਚ ਹੈ ਜੋ ਕਿ ਵੱਧ ਗਰਮੀ ਨੂੰ ਬਹੁਤ ਹੀ ਸੰਵੇਦਨਸ਼ੀਲ ਹੈ। ਗਰਮੀ ਜ਼ਿਆਦਾ ਹੋਣ ਕਾਰਨ ਫ਼ਸਲ ਜਲਦੀ ਪੱਕ ਜਾਂਦੀ ਹੈ ਤੇ ਦਾਣੇ ਸੁੰਗੜ ਜਾਂਦੇ ਹਨ, ਜਿਸ ਨਾਲ ਝਾੜ ਤੇ ਗੁਣਵੱਤਾ ’ਤੇ ਅਸਰ ਪੈਂਦਾ ਹੈ। ਇਹ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਸਪਾਲ ਸਿੰਘ ਧੰਜੂ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਗਰਮੀ ਦਾ ਪ੍ਰਭਾਵ ਘਟਾਉਣ ਲਈ ਕਿਸਾਨ ਵੀਰਾਂ ਨੂੰ ਇਹ ਤਰੀਕੇ ਅਪਨਾਉਣੇ ਚਾਹੀਦੇ ਹਨ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਨੂੰ ਮੀਂਹ ਤੇ ਹਨੇਰੀ ਦਾ ਧਿਆਨ ਰੱਖ ਕੇ ਮਾਰਚ ਦੇ ਆਖੀਰ ਤੱਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ, ਜਦਕਿ ਪਛੇਤੀ ਕਣਕ ਦੀ ਬਿਜਾਈ ਵਿਚ 10 ਅਪ੍ਰੈਲ ਤੱਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਧਿਆਨ ਰਹੇ ਪਾਣੀ ਹਲਕਾ ਹੀ ਹੋਵੇ ਤੇ ਪਾਣੀ ਦੇਣ ਤੋਂ ਪਹਿਲਾ ਕਿਸੇ ਵੀ ਤਰ੍ਹਾਂ ਦੇ ਮੀਂਹ-ਹਨੇਰੀ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਟਰੇਡ ਸਮਝੌਤੇ ਦੇ ਚਲਦਿਆਂ ਅਨਿਸ਼ਚਤਾ ਵਾਲਾ ਮਾਹੌਲ ਰਿਹਾ, ਜਿਸ ਕਰਕੇ ਜ਼ਿਲ੍ਹੇ ਵਿਚ ਤਿੰਨ ਫ਼ਸਲਾਂ ਲੈਣ ਵਾਲੇ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਇਸ ਵਾਰ ਮੱਕੀ ਦੀ ਬਜਾਏ ਪਛੇਤੀ ਕਣਕ ਦੀ ਬਿਜਾਈ ਨੂੰ ਤਰਜੀਹ ਦਿੱਤੀ ਗਈ ਹੈ। ਪਛੇਤੀ ਬਿਜਾਈ ਵਾਲੀ ਕਣਕ ਇਸ ਸਮੇਂ ਗੋਭ ਅਵਸਥਾ ’ਤੇ ਹੈ ਤੇ ਪਛੇਤੀ ਕਣਕ ਵਿਚ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ ਵੀਰ 10 ਅਪ੍ਰੈਲ ਤੱਕ ਪਾਣੀ ਦਿੰਦੇ ਰਹਿਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਛੇਤੀ ਕਣਕ ਉੱਪਰ ਪੋਟਾਸ਼ੀਅਮ ਨਾਇਟ੍ਰੇਟ ( 13:0:45) 2 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਸਪਰੇਅ ਹੁਣ (ਗੋਭ ਭਰਨ) ਤੇ ਇਕ ਸਪਰੇਅ ਨਿਸਾਰੇ ਸਮੇਂ ਕਰਨ ਨਾਲ ਤਾਪਮਾਨ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਇਸ ਵਿਚਲਾ ਮੌਜੂਦ ਪੋਟਾਸ਼ੀਅਮ ਤੱਤ ਪੱਤਿਆਂ ਦੇ ਸਾਹ ਲੈਣ ਲਈ ਬਣੇ ਮੁਸਾਮਾ ਦੇ ਖੁੱਲ੍ਹਣ ਤੇ ਬੰਦ ਹੋਣ ਨੂੰ ਕੰਟਰੋਲ ਕਰਕੇ ਵੱਧ ਰਹੇ ਤਾਪਮਾਨ ਵਿਚ ਫ਼ਸਲ ਨੂੰ ਠੰਢਾ ਰੱਖਕੇ ਤਨਾਅ ਘਟਾਉਣ ਵਿਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਣਕ ਤੇ ਸਰੋਂ ਬਿਮਾਰੀਆਂ ਤੇ ਕੀਟਾਂ ਦੇ ਹਮਲਿਆਂ ਤੋਂ ਬਚੀ ਰਹੀ ਹੈ। ਤਾਪਮਾਨ ਵਧਣ ਨਾਲ ਸਰੋਂ ਤੇ ਕਣਕ ਵਿਚ ਤੇਲੇ ਦੀ ਦਸਤਕ ਹੋ ਸਕਦੀ ਹੈ। ਇਹ ਰਸ ਚੂਸਣ ਵਾਲਾ ਕੀਟ ਪੱਤਿਆਂ ਤੇ ਦਾਣਿਆਂ ਵਿਚੋਂ ਰਸ ਚੂਸ ਲੈਂਦਾ ਹੈ, ਜਿਸ ਨਾਲ ਦਾਣੇ ਕਮਜ਼ੋਰ ਤੇ ਸੁੰਗੜ ਜਾਂਦੇ ਹਨ। ਇਹ ਖੇਤ ਦੇ ਬਾਹਰਲੇ ਪਾਸਿਓਂ ਹਮਲਾ ਕਰਦਾ ਹੈ। ਰੁੱਖਾਂ ਦੀ ਛਾਵੇਂ ਤੇ ਬੱਦਲਵਾਹੀ ਵਾਲੇ ਮੌਸਮ ਵਿਚ ਇਸਦਾ ਹਮਲਾ ਤੇਜ਼ ਹੋ ਜਾਂਦਾ ਹੈ। ਭਾਵੇਂ ਕਣਕ ਤੇ ਸਰੋਂ ਵਿਚ ਹਮਲਾ ਕਰਨ ਵਾਲਾ ਤੇਲਾ ਵੱਖੋ-ਵੱਖਰਾ ਹੁੰਦਾ ਹੈ ਪਰ ਸਰੋਂ ਨੇੜਲੇ ਕਣਕ ਦੇ ਖੇਤਾਂ ਵਿਚ ਇਸਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਖੇਤਾਂ ’ਚ ਲਗਾਤਾਰ ਗੇੜਾ ਮਾਰਦੇ ਰਹੋ ਤੇ ਜਿਵੇਂ ਹੀ ਇਕ ਸਿੱਟੇ ’ਤੇ ਤੇਲੇ ਦੀ ਗਿਣਤੀ ਪੰਜ ਤੋਂ ਵੱਧ ਜਾਵੇ ਤਾਂ 20 ਗ੍ਰਾਮ ਥੀਆਮੇਥੋਅਗਜ਼ਾਮ 25 ਡਬਲਯੂਜੀ ਪ੍ਰਤੀ ਏਕੜ ਦੀ ਸਪਰੇਅ ਕਰੋ। ਸਪਰੇਅ ਹਮੇਸ਼ਾਂ ਦੁਪਹਿਰ ਵੇਲੇ ਕਰੋ ਤਾਂ ਕਿ ਮਧੂ ਮੱਖੀਆਂ ਨੂੰ ਨੁਕਸਾਨ ਘੱਟ ਤੋਂ ਘੱਟ ਹੋਵੇ। ਹੁਣ ਕਣਕ ’ਤੇ ਕਿਸੇ ਕਿਸਮ ਦੀ ਬਿਮਾਰੀ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਕਿਸੇ ਹੋਰ ਉੱਲੀਨਾਸ਼ਕ ਦੀ ਸਪਰੇਅ ਦੀ ਲੋੜ ਨਹੀਂ।