ਕਾਲਾ ਸੰਘਿਆਂ ਮੰਡੀ ’ਚ ਕਣਕ ਦੀ ਆਮਦ, ਪਹਿਲੇ ਦਿਨ ਪਨਸਪ ਨੇ 150 ਕੁਇੰਟਲ ਕਣਕ ਖ਼ਰੀਦੀ
ਕਾਲ਼ਾ ਸੰਘਿਆਂ ਮੰਡੀ ਵਿਖੇ ਕਣਕ ਦੀ ਆਮਦ, ਪਹਿਲੇ ਦਿਨ ਪਨਸਪ ਨੇ 150 ਕੁਇੰਟਲ ਕਣਕ ਖਰੀਦੀ
Publish Date: Wed, 15 Apr 2026 08:56 PM (IST)
Updated Date: Wed, 15 Apr 2026 09:00 PM (IST)
ਕਿਸਾਨਾਂ ਨੇ ਆਉਣ ਵਾਲੇ ਦਿਨਾਂ ’ਚ ਮੰਡੀਆਂ ’ਚੋਂ ਕਣਕ ਤੁਰੰਤ ਚੁੱਕਣ ਦੀ ਸਰਕਾਰ ਨੂੰ ਕੀਤੀ ਅਪੀਲ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆਂ : ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਸੀ ਅਤੇ ਹੁਣ ਮੌਸਮ ਦੀ ਕਰਵਟ ਬਦਲੀ ਅਤੇ ਧੁੱਪ ਤੇ ਤਾਪਮਾਨ ਕਣਕ ਦੀ ਫ਼ਸਲ ਦੇ ਅਨੂਕੂਲ ਹੋਣ ਦੇ ਬਾਅਦ ਕਿਸਾਨਾਂ ’ਚ ਦੁਬਾਰਾ ਖੁਸ਼ੀ ਪਾਈ ਜਾ ਰਹੀ ਹੈ। ਕੁਝ ਕੁ ਦਿਨਾਂ ਦੀ ਧੁੱਪ ਨੇ ਹੀ ਕਣਕ ਨੂੰ ਵਾਢੀ ਯੋਗ ਬਣਾਇਆ ਜਿਸ ’ਤੇ ਕਿਸਾਨਾਂ ਨੇ ਕਣਕ ਦੀ ਫ਼ਸਲ ਦੀ ਕਟਾਈ ਕੀਤੀ। ਸਥਾਨਕ ਕਸਬੇ ਦੀ ਦਾਣਾ ਮੰਡੀ ਵਿਖੇ ਬੀਤੀ ਦਿਨ ਤੋਂ ਕਣਕ ਦੀ ਆਮਦ ਸ਼ੁਰੂ ਹੋਈ ਹੈ। ਬੇਸ਼ੱਕ ਹੁਣ ਤੱਕ ਕਣਕ ਮੰਡੀ ਵਿੱਚ ਕਣਕ ਦੀਆਂ 10-12 ਢੇਰੀਆਂ ਹੀ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਹੌਲੀ-ਹੌਲੀ ਇਹ ਗਿਣਤੀ ਵਧੇਗੀ। ਮੰਡੀ ਵਿੱਚ ਆਈ ਕਣਕ ਦੀ ਸਰਕਾਰੀ ਖਰੀਦ ਬੁੱਧਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਦੱਸੀ ਗਈ।
ਜਾਣਕਾਰੀ ਮੁਤਾਬਕ ਸਰਕਾਰ ਦੀ ਪਨਸਪ ਏਜੰਸੀ ਵੱਲੋਂ 150 ਕੁਇੰਟਲ ਦੇ ਕਰੀਬ ਕਣਕ ਖਰੀਦੀ ਗਈ। ਮੰਡੀ ਵਿੱਚ ਹਾਜ਼ਰ ਕੁਝ ਲੋਕਾਂ ਅਨੁਸਾਰ ਇਸ ਵਾਰ ਕਿਸਾਨਾਂ ਨੇ ਇਲਾਕੇ ਵਿੱਚ ਕਣਕ ਫ਼ਸਲ ਦੀ ਬਿਜਾਈ ਪਹਿਲਾਂ ਨਾਲੋਂ ਕਾਫ਼ੀ ਘੱਟ ਕੀਤੀ ਹੈ ਜਿਸ ਕਾਰਣ ਮੰਡੀ ਵਿੱਚ ਇਸ ਵਰ੍ਹੇ ਘੱਟ ਕਣਕ ਆਉਣ ਦੇ ਆਸਾਰ ਹਨ। ਉੱਥੇ ਬੀਤੀ ਦਿਨੀਂ ਪਏ ਮੀਂਹ ਕਾਰਣ ਕਣਕ ਦੇ ਹੋਏ ਖਰਾਬੇ ਨੇ ਵੀ ਕਣਕ ਦੀ ਤਾਦਾਦ ਨੂੰ ਪ੍ਰਭਾਵਿਤ ਕੀਤਾ ਦੱਸਿਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਹਾਲੇ ਪਨਸਪ ਵੱਲੋਂ ਕਣਕ ਦੀ ਫ਼ਸਲ ਚੁੱਕੇ ਜਾਣ ਦੀ ਸ਼ੁਰੂਆਤ ਹੈ ਅਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੰਡੀ ਵਿੱਚ ਆ ਰਹੀ ਕਣਕ ਬਿਨਾਂ ਦੇਰੀ ਅਤੇ ਬਿਨਾਂ ਕਿਸਾਨਾਂ ਨੂੰ ਖੱਜਲ-ਖੁਆਰ ਕੀਤਿਆਂ ਤੁਰੰਤ ਚੁੱਕਣੀ ਚਾਹੀਦੀ ਹੈ।