ਨੌਜਵਾਨ ਖਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਕਰਾਂਗੇ : ਦੀਪਕ ਬਾਲੀ
ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਬਿਹਤਰੀ ਲਈ ਹਰ ਸੰਭਵ ਸਹਿਯੋਗ ਕਰਾਂਗੇ - ਦੀਪਕ ਬਾਲੀ
Publish Date: Thu, 11 Jun 2026 07:02 PM (IST)
Updated Date: Thu, 11 Jun 2026 07:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਟੀਡਬਲਊਈਆਈ (ਜੇਸੀਟੀ) ਸਕੂਲ ਦੀ ਗਰਾਊਂਡ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਐੱਸਐੱਨਐੱਸ ਕ੍ਰਿਕਟ ਅਕੈਡਮੀ ਲਈ ਅੱਜ ਦਾ ਦਿਨ ਖਾਸ ਤੇ ਯਾਦਗਾਰ ਬਣ ਗਿਆ, ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਮੀਤ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਸੱਭਿਆਚਾਰ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਕੈਡਮੀ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਅਕੈਡਮੀ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਤੇ ਨੌਜਵਾਨ ਖਿਡਾਰੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਦੀਪਕ ਬਾਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਅਕੈਡਮੀ ਵੱਲੋਂ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਕੈਡਮੀ ਨੂੰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨਾਲ ਰਜਿਸਟਰਡ ਕਰਵਾਉਣ, ਲੈਦਰ ਬਾਲਾਂ, ਉੱਚ ਗੁਣਵੱਤਾ ਵਾਲੇ ਬੱਲੇ, ਸਰਕਾਰੀ ਕੋਚ ਦੀ ਨਿਯੁਕਤੀ ਤੇ ਖੇਡ ਮੈਦਾਨ ਨਾਲ ਸਬੰਧਤ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਬੇਅੰਤ ਪ੍ਰਤਿਭਾ ਮੌਜੂਦ ਹੈ ਤੇ ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਤੇ ਲੋੜੀਂਦੀਆਂ ਸਹੂਲਤਾਂ ਮਿਲਣ ਤਾਂ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਤੇ ਸਮਰਪਣ ਨਾਲ ਆਪਣੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਰਬ ਨੌਜਵਾਨ ਸਭਾ ਦੇ ਮੁੱਖ ਸਰਪ੍ਰਸਤ ਗੁਰਮੀਤ ਪਲਾਹੀ ਨੇ ਦੀਪਕ ਬਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਤੇ ਸਹਿਯੋਗ ਦਾ ਭਰੋਸਾ ਅਕੈਡਮੀ ਨਾਲ ਜੁੜੇ ਸੈਂਕੜੇ ਬੱਚਿਆਂ ਲਈ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਾਲੀ ਦੀ ਹੌਸਲਾ ਅਫਜ਼ਾਈ ਨਾਲ ਖਿਡਾਰੀਆਂ ਦੇ ਚਿਹਰਿਆਂ ’ਤੇ ਖੁਸ਼ੀ ਤੇ ਆਤਮ-ਵਿਸ਼ਵਾਸ ਸਪੱਸ਼ਟ ਤੌਰ ’ਤੇ ਨਜ਼ਰ ਆਉਂਦਾ ਹੈ। ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਤੇ ਆਪ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਦੋਂ ਸਮਾਜ ਦੇ ਆਗੂ ਨੌਜਵਾਨਾਂ ਦੇ ਸੁਪਨਿਆਂ ਨਾਲ ਖੜ੍ਹੇ ਹੁੰਦੇ ਹਨ ਤਾਂ ਸਫਲਤਾ ਦੀਆਂ ਮੰਜ਼ਿਲਾਂ ਆਪਣੇ-ਆਪ ਨੇੜੇ ਆ ਜਾਂਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦੀਪਕ ਬਾਲੀ ਦਾ ਮਾਰਗਦਰਸ਼ਨ ਤੇ ਸਹਿਯੋਗ ਭਵਿੱਖ ਵਿਚ ਵੀ ਅਕੈਡਮੀ ਦੇ ਖਿਡਾਰੀਆਂ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਮੂਹ ਅਹੁਦੇਦਾਰਾਂ ਵੱਲੋਂ ਦੀਪਕ ਬਾਲੀ ਨੂੰ ਸ਼ਾਲ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਪਰਸਨ ਮੈਡਮ ਲਲਿਤ ਸਕਲਾਨੀ, ਮਨੋਹਰ ਸਿੰਘ ਤਲਵਾੜ ਕੋਚ, ਰਵੀ ਸਿੱਧੂ ਕੌਂਸਲਰ, ਅਸ਼ੋਕ ਕੁਮਾਰ ਡੀਪੀ ਕੋਚ, ਇੰਦਰਜੀਤ ਬਾਲੀ ਕੌਂਸਲਰ, ਰਾਜ ਸੰਧੂ ਸੇਵਾਮੁਕਤ ਐੱਸਡੀਓ, ਰਣਜੀਤ ਸਿੰਘ ਬੇਦੀ ਤੋਂ ਇਲਾਵਾ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਗੁਲਸ਼ਨ ਕਪੂਰ, ਗੁਰਦੀਪ ਸਿੰਘ ਤੁਲੀ ਆਪ ਆਗੂ, ਪਰਮਜੀਤ ਰਾਏ, ਹਰਜਿੰਦਰ ਗੋਗਨਾ, ਜਤਿੰਦਰ ਸ਼ਰਮਾ, ਕੁਲਦੀਪ ਸਿੰਘ ਜਸਵਾਲ, ਅਨੂਪ ਦੁੱਗਲ, ਸ਼ੁਭਮ ਸ਼ਰਮਾ, ਹਰਸ਼ ਸ਼ਰਮਾ, ਇਸ਼ਿਤਾ, ਘਨਸ਼ਾਮ, ਸੌਰਵ ਸੈਨ, ਕਿਰਤੀ ਸੋਬਤੀ, ਗਿਤਾਂਗ, ਸ਼ਿਵਾਂਸ਼ ਸ਼ਰਮਾ, ਤੇਜਸਵੀਰ ਸਿੰਘ, ਸਾਹਿਲ, ਸ਼ਿਵਮ, ਦੀਪਕ, ਵਿਕਾਸ, ਰਿਤੂ ਰਾਜ ਤਿਵਾੜੀ, ਮਾਨਵੀ, ਹਰਗੁਣ, ਕਯਾਂਸ਼ ਰੱਤੀ, ਪ੍ਰਥਮ ਗੁਪਤਾ, ਹਰਿੰਦਰ ਸਿੰਘ, ਜਸਕੀਰਤ ਸਿੰਘ, ਕਵਿਸ਼ ਬੇਦੀ, ਅੰਕਿਤ ਸ਼ੁਕਲਾ, ਸ਼ੌਰਯਾ ਸਕਲਾਨੀ ਆਦਿ ਹਾਜ਼ਰ ਸਨ।