ਪਾਂਛਟ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਡਾ. ਚੱਬੇਵਾਲ
ਪਾਂਛਟ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ: ਡਾ. ਰਾਜ
Publish Date: Thu, 09 Apr 2026 10:39 PM (IST)
Updated Date: Thu, 09 Apr 2026 10:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦੇ ਉਪ ਨੇਤਾ ਤੇ ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਦੇ ਅਥਕ ਯਤਨਾਂ ਨਾਲ ਫਗਵਾੜਾ ਦੇ ਪਿੰਡ ਪਾਂਛਟ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਸ਼ੁਰੂ ਹੋਣ ਜਾ ਰਹੇ ਹਨ। ਬੁੱਧਵਾਰ ਨੂੰ ਵਿਧਾਨ ਸਭਾ ਖੇਤਰ ਚੱਬੇਵਾਲ ਤੋਂ ਆਪਣੇ ਵਿਧਾਇਕ ਪੁੱਤਰ ਡਾ. ਇਸ਼ਾਂਕ ਕੁਮਾਰ ਦੇ ਨਾਲ ਪਿੰਡ ਪਾਂਛਟ ਪਹੁੰਚਣ ‘ਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਡਾ. ਰਾਜ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਖੇਤਰ ਵਿਚ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਮੌਕੇ ‘ਤੇ ਹੀ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਘੋਸ਼ਣਾ ਕੀਤੀ ਕਿ ਜਲਦੀ ਹੀ 1.80 ਕਰੋੜ ਰੁਪਏ ਦੀ ਲਾਗਤ ਨਾਲ ਬਿਸਤ ਦੋਆਬ ਨਹਿਰ ‘ਤੇ 3 ਪੁਲ ਬਣਾਏ ਜਾਣਗੇ। ਇਸ ਦੇ ਨਾਲ ਹੀ ਪਿੰਡ ਪਾਂਛਟ ਦੇ ਆਲੇ-ਦੁਆਲੇ 18 ਫੁੱਟ ਚੌੜੀ ਸੜਕ ਬਣੇਗੀ, ਜਿਸ ‘ਤੇ 1.5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪਿੰਡ ਦੇ ਵੱਖ-ਵੱਖ ਵਿਕਾਸ ਕੰਮਾਂ ‘ਤੇ ਲਗਭਗ 70 ਲੱਖ ਰੁਪਏ ਖਰਚ ਕੀਤੇ ਜਾਣਗੇ। ਸਾਂਸਦ ਡਾ. ਰਾਜ ਨੇ ਕਿਹਾ ਕਿ ਫਗਵਾੜਾ ਵਿਧਾਨ ਸਭਾ ਖੇਤਰ ਵਿਚ ਪਿੰਡ ਪਾਂਛਟ ਇਕ ਵੱਡਾ ਪਿੰਡ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਾਂਛਟ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਪਿੰਡ ਵਾਸੀਆਂ ਦੀ ਹਰ ਵਿਕਾਸ ਸਬੰਧੀ ਮੰਗ ਪੂਰੀ ਕੀਤੀ ਜਾਵੇਗੀ। ਸਾਂਸਦ ਡਾ. ਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਭਰ ਦੇ ਸਭ ਵਿਧਾਨ ਸਭਾ ਖੇਤਰਾਂ ਦਾ ਰਿਕਾਰਡ ਤੋੜ ਵਿਕਾਸ ਕਰਵਾ ਰਹੀ ਹੈ। ਇਸੇ ਤਹਿਤ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਆਉਂਦੇ ਚੱਬੇਵਾਲ ਤੇ ਫਗਵਾੜਾ ਸਮੇਤ ਸਭ ਖੇਤਰਾਂ ਵਿਚ ਲੋਕਾਂ ਦੀ ਮੰਗ ਮੁਤਾਬਕ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪਾਂਛਟ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ‘ਤੇ ਪਿੰਡ ਪਾਂਛਟ ਦੀ ਸਰਪੰਚ ਕੁਲਵੰਤ ਕੌਰ ਤੇ ਪੰਚਾਇਤ ਮੈਂਬਰ ਮੌਜੂਦ ਸਨ।