ਮੁੱਖ ਮੰਤਰੀ ਤੇ ਕੇਜਰੀਵਾਲ ਦੇ ਸਰਹਿੰਦ ਪਹੁੰਚਣ ਤੇ ਕਰਾਂਗੇ ਘਿਰਾਓ : ਦਿਓਲ
ਮੁੱਖ ਮੰਤਰੀ ਮਾਨ ਅਤੇ ਕੌਮੀ ਕੇਜਰੀਵਾਲ ਦੇ ਸਰਹਿੰਦ ਪਹੁੰਚਣ ਤੇ ਕਰਾਂਗੇ ਘਿਰਾਓ- ਦਿਓਲ
Publish Date: Wed, 25 Mar 2026 07:16 PM (IST)
Updated Date: Thu, 26 Mar 2026 04:06 AM (IST)

-ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਸਿਹਤ ਵਿਭਾਗ ਪੰਜਾਬ ਵੱਲੋਂ 28 ਮਾਰਚ ਨੂੰ ਕੀਤਾ ਜਾਵੇਗਾ ਘਿਰਾਓ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਸਿਹਤ ਵਿਭਾਗ ਦੀ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ 28 ਮਾਰਚ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਰਹਿੰਦ ਪਹੁੰਚਣ ਤੇ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਪੰਜਾਬ ਵਿੱਚ ਸਾਡੇ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਭਰ ਵਿੱਚ ਐੱਚ ਆਈ ਵੀ/ਏਡਜ਼ ਦੀਆ ਸਾਰੀਆ ਸੇਵਾਵਾਂ ਦਵਾਈ ਦੇਣ, ਟੈਸਟਿੰਗ, ਕਾਊਸਲਿੰਗ, ਨਸ਼ੇ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ, ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ ਅਤੇ ਬਲੱਡ ਬੈਂਕ ਵਿੱਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ 2022 ਦੀ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ ਤੇ ਦਿੱਲੀ ਦੀ ਤਰਜ ਤੇ 20% ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਅਰਧ ਸੈਂਕੜਾ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਰ ਵਾਰ ਸਹਿਮਤੀ ਦੇ ਬਾਵਜੂਦ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਤਨਖਾਹ ਵਿਚ ਵੀਹ ਪਰਸੈਂਟ ਵਾਧਾ ਹੁਣ ਤੱਕ ਨਹੀਂ ਹੋਇਆ, ਜਦਕਿ ਕਈ ਵਾਰ ਸਿਹਤ ਸਕੱਤਰ ਵੱਲੋਂ ਪੰਜਾਬ ਸਰਕਾਰ ਨੂ ਪਰਪੋਜਲ ਭੇਜਣ ਲਈ ਲਿਖਿਆ ਵੀ ਗਿਆ । ਜਿਲ੍ਹਾ ਪ੍ਰਧਾਨ ਕਾਬਲ ਸਿੰਘ ਵਲੋਂ ਦੱਸਿਆ ਗਿਆ ਕਿ ਅੱਜ ਸਰਕਾਰ ਦੇ ਚਾਰ ਸਾਲ ਹੋਣ ਤੇ ਵੀ ਸਾਡੀ ਕੋਈ ਮੰਗ ਨਹੀਂ ਮੰਨੀ ਗਈ ਇਸ ਵਿਸ਼ੇ ਤੇ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਉਹਨਾਂ ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਿਆ ਅਤੇ ਸਰਕਾਰ ਹਰ ਵਾਰੀ ਮੀਟਿੰਗਾਂ ਕਰਕੇ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਇਸੇ ਕਰਕੇ ਅਸੀਂ 28 ਮਾਰਚ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਰਹਿੰਦ ਪਹੁੰਚਣ ਤੇ ਘਿਰਾਓ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।