- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਜੰਗੀ ਪੱਧਰ ’ਤੇ ਜਾਰੀ, ਵਰਦੇ ਮੀਂਹ ਵਿੱਚ ਪੁਲਿਸ ਨੇ ਐਸਐਸਪੀ ਦੀ ਅਗਵਾਈ ਵਿੱਚ ਕੀਤੀ ਚੈਕਿੰਗ

-ਐੱਸਐੱਸਪੀ ਦੀ ਅਗਵਾਈ ’ਚ 46 ਪੈਟਰੋਲਿੰਗ ਪਾਰਟੀਆਂ ਕੀਤੀ ਚੈਕਿੰਗ
-ਸੰਤਪੁਰਾ ਮੁਹੱਲਾ ’ਚ ਕਿਰਾਏਦਾਰਾਂ ਦੀ ਸ਼ਨਾਖਤ ਦੀ ਵਿਸ਼ੇਸ਼ ਮੁਹਿੰਮ ਚਲਾਈ
--
ਕੈਪਸ਼ਨ : 23ਕੇਪੀਟੀ20
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ’ਤੇ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਕਪੂਰਥਲਾ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ। ਸ਼ੁੱਕਰਵਾਰ ਨੂੰ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਵਰਦੇ ਮੀਂਹ ਵਿਚ ਕਪੂਰਥਲਾ ਸ਼ਹਿਰ ਦੇ ਮੁਹੱਲਾ ਸੰਤਪੁਰਾ ਵਿਖੇ ਕਿਰਾਏਦਾਰਾਂ ਦੀ ਸ਼ਨਾਖਤ ਤੇ ਤਸਦੀਕੀਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਤਾਂ ਜੋ ਸੰਗਠਿਤ ਅਪਰਾਧ ਨੂੰ ਹੋਰ ਸਖਤੀ ਨਾਲ ਨੱਥ ਪਾਈ ਜਾ ਸਕੇ। ਇਸ ਮੌਕੇ ਐੱਸਐੱਸਪੀ ਤੂਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਦੌਰਾਨ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ ਕੀਤਾ ਗਿਆ ਸੀ, ਜਿਸਦਾ ਮਕਸਦ ਗੈਂਗਸਟਰਾਂ ਤੇ ਹੋਰ ਪੇਸ਼ੇਵਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਵਿਚ 12 ਹਾਟ ਸਪਾਟ ਖੇਤਰਾਂ ਵਿਚ ਕਿਰਾਏਦਾਰਾਂ ਦੀ ਤਸਦੀਕ ਕੀਤੀ ਗਈ, ਜਿਸ ਲਈ 46 ਪੈਟਰੋਲਿੰਗ ਪਾਰਟੀਆਂ ਨੂੰ ਤਾਇਨਾਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ 566 ਕਿਰਾਏਦਾਰਾਂ ਦੀ ਤਸਦੀਕ ਕੀਤੀ ਗਈ ਹੈ, ਜਦਕਿ 426 ਦੇ ਕਰੀਬ ਦਸਤਾਵੇਜ਼ ਵੀ ਚੈੱਕ ਕੀਤੇ ਗਏ ਹਨ। ਇਸ ਦੌਰਾਨ 5 ਅਣਅਧਿਕਾਰਤ ਕਾਰਾਂ, 12 ਮੋਟਰਸਾਈਕਲ ਤੇ 19 ਮੋਬਾਇਲ ਫੋਨ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਖਤਰਨਾਕ ਅਪਰਾਧੀਆਂ ਨੂੰ ਪਨਾਹ ਦੇਣ, ਕਿਸੇ ਵੀ ਕਿਸਮ ਦੀ ਸਹਾਇਤਾ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਨ ਲਈ ਜ਼ਿਲ੍ਹੇ ਭਰ ਵਿਚ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਉੱਪਰ ਕਿਰਾਏ ‘ਤੇ ਰਹਿਣ ਵਾਲਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਅਨੇਕਾਂ ਮਾਮਲਿਆਂ ਵਿਚ ਮਕਾਨ/ਦੁਕਾਨ ਮਾਲਕਾਂ ਵੱਲੋਂ ਆਪਣੇ ਰਿਹਾਇਸ਼ੀ ਤੇ ਵਪਾਰਕ ਸਥਾਨ ਕਿਰਾਏ ‘ਤੇ ਦਿੱਤੇ ਜਾਂਦੇ ਹਨ, ਪਰ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਉਨ੍ਹਾਂ ਦੇ ਮਕਾਨਾਂ ਆਦਿ ਦੀ ਦੁਰਵਰਤੋਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਿਸ ਕਰਕੇ ਅਣਸੁਖਾਵੀਂ ਘਟਨਾ ਵਾਪਰਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਕਿਰਾਏਦਾਰ ਨੂੰ ਰੱਖਣ, ਉਸਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ, ਜਿਸ ਲਈ ਪੁਲਿਸ ਵੱਲੋਂ ਬਹੁਤ ਹੀ ਸਰਲ ਵਿਧੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਨੇੜਲੇ ਪੁਲਿਸ ਸਾਂਝ ਕੇਂਦਰ ਵਿਚ ਜਾ ਕੇ ਆਪਣੇ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਸਕਦੇ ਹਨ, ਜਿਸ ਲਈ ਫੀਸ ਬਹੁਤ ਹੀ ਮਾਮੂਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਸ਼ੁਰੂ ਕੀਤਾ ਗਿਆ ਹੈ, ਜਿਥੇ ਲੋਕ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਗੁਪਤ ਰੂਪ ਵਿਚ ਜਾਣਕਾਰੀ ਦੇ ਸਕਦੇ ਹਨ। ਇਸ ਮੌਕੇ ਡੀਐੱਸਪੀ ਡਾ. ਸ਼ੀਤਲ ਸਿੰਘ, ਐੱਸਐੱਚਓ ਅਮਨਦੀਪ ਨਾਹਰ ਵੀ ਉਨ੍ਹਾਂ ਨਾਲ ਮੌਜੂਦ ਸਨ।