ਗਲੀ ’ਚ ਟਰਾਲੀ ਖੜ੍ਹੀ ਕਰਨ ਨੂੰ ਲੈ ਕੇ ਹੋਈ ਝੜਪ, ਦੋ ਜ਼ਖ਼ਮੀ
ਗਲੀ ਵਿੱਚ ਟਰਾਲੀ ਖੜੀ ਕਰਨ ਨੂੰ ਲੈ ਕੇ ਹੋਈ ਹਿੰਸਕ ਝੜਪ , ਚੱਲੇ ਤੇਜ਼ਧਾਰ ਹਥਿਆਰ , ਦੋ ਜਖ਼ਮੀ
Publish Date: Thu, 23 Apr 2026 09:23 PM (IST)
Updated Date: Fri, 24 Apr 2026 04:13 AM (IST)

ਕੈਪਸ਼ਨ : 23ਕੇਪੀਟੀ43 ਸਿਵਲ ਹਸਪਤਾਲ ’ਚ ਜਖ਼ਮੀ ਗੁਰਜੀਤ ਸਿੰਘ ਅਤੇ ਦੂਸਰੀ ਪੱਖ ਵੱਲੋਂ ਜਖ਼ਮੀ ਗੁਰਬਖਸ਼ ਸਿੰਘ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਕਬੀਰਪੁਰ ’ਚ ਗਲੀ ਵਿੱਚ ਟਰਾਲੀ ਖੜ੍ਹੀ ਕਰਨ ਦੇ ਮਾਮਲੇ ਨੇ ਅਚਾਨਕ ਹੀ ਭਿਆਨਕ ਰੂਪ ਧਾਰ ਲਿਆ ਤੇ ਦੋ ਧਿਰਾਂ ਵਿਚਾਲੇ ਖੂਨੀ ਹਿੰਸਕ ਝੜਪ ਹੋ ਗਈ। ਜਾਣਕਾਰੀ ਦਿੰਦਿਆਂ ਦਵਿੰਦਰ ਕੌਰ ਪਤਨੀ ਨਛੱਤਰ ਸਿੰਘ ਵਾਸੀ ਕਬੀਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਜੀਤ ਸਿੰਘ ਕਣਕ ਵੱਢ ਕੇ ਘਰ ਲਿਆਇਆ ਸੀ ਤੇ ਟਰਾਲੀ ਗਲੀ ’ਚ ਖੜ੍ਹੀ ਕਰ ਕੇ ਕੁਝ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਆਂਢੀਆਂ ਵੱਲੋਂ ਟਰਾਲੀ ਹਟਾਉਣ ਲਈ ਕਿਹਾ ਗਿਆ, ਜਿਸ ‘ਤੇ ਉਨ੍ਹਾਂ ਟਰਾਲੀ ਸਾਈਡ ’ਤੇ ਕਰਨ ਦੀ ਗੱਲ ਮੰਨ ਲਈ। ਪਰ ਜਿਵੇਂ ਹੀ ਉਹ ਟਰਾਲੀ ਸਾਈਡ ਕਰਨ ਲੱਗੇ ਤਾਂ ਦੂਜੇ ਪੱਖ ਦੇ ਕਰੀਬ 15-20 ਵਿਅਕਤੀਆਂ ਤੇ ਪਿੰਡ ਦੇ ਮੋਹਤਬਰਾਂ ਨੇ ਇਕੱਠੇ ਹੋ ਕੇ ਗੁਰਜੀਤ ਸਿੰਘ ਤੇ ਉਸ ਦੇ ਪਿਤਾ ਨਛੱਤਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਗੁਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਦੇ ਸਿਰ ਤੇ ਕਾਫੀ ਸੱਟ ਲੱਗੀ ਹੈ । ਉਸ ਨੂੰ ਅਸੀਂ ਤੁਰੰਤ ਸਿਵਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਹੈ। ਜਿੱਥੇ ਉਸ ਦਾ ਇਲਾਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤਾਂ ਵੱਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦਵਿੰਦਰ ਕੌਰ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲ਼ੀ ਵੀ ਚਲਾਈ ਗਈ। ਪੀੜਤ ਪੱਖ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡੇ ’ਤੇ ਲੱਗ ਰਹੇ ਦੋਸ਼ ਝੂਠੇ ਤੇ ਬੇਬੁਨਿਆਦ : ਗੁਰਦੇਵ ਸਿੰਘ ਇਸ ਮੌਕੇ ਸਿਵਲ ਹਸਪਤਾਲ ’ਚ ਇਲਾਜ ਅਧੀਨ ਗੁਰਬਖਸ਼ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਕਬੀਰਪੁਰ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਤੱਕ ਕਦੇ ਵੀ ਪਿੰਡ ’ਚ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਕੀਤਾ ਅਤੇ ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ। ਅਸੀਂ ਹਮੇਸ਼ਾਂ ਲੜਾਈ-ਝਗੜਿਆਂ ਤੋਂ ਦੂਰ ਰਹਿੰਦੇ ਹਾਂ। ਘਟਨਾ ਵਾਲੇ ਦਿਨ ਮੈਂ ਸੁਲਤਾਨਪੁਰ ਲੋਧੀ ਤੋਂ ਕੁਝ ਜ਼ਰੂਰੀ ਸਮਾਨ ਲੈ ਕੇ ਸ਼ਾਮ ਕਰੀਬ 8:30 ਵਜੇ ਪਿੰਡ ਪਹੁੰਚਿਆ। ਜਦੋਂ ਮੈਂ ਗਲੀ ’ਚ ਦਾਖ਼ਲ ਹੋਇਆ ਤਾਂ ਅੱਗੇ ਕਣਕ ਨਾਲ ਭਰੀ ਟਰਾਲੀ ਤੇ ਟਰੈਕਟਰ ਗ਼ਲਤ ਢੰਗ ਨਾਲ ਖੜ੍ਹੇ ਸਨ, ਜਿਸ ਕਾਰਨ ਮੇਰੀ ਗੱਡੀ ਨਹੀਂ ਲੰਘ ਸਕੀ। ਗਲੀ ਦੇ ਦੂਜੇ ਪਾਸੇ ਲੋਹੇ ਦਾ ਸੁਹਾਗਾ ਵੀ ਪਿਆ ਹੋਇਆ ਸੀ, ਜਿਸ ਨਾਲ ਰਸਤਾ ਹੋਰ ਵੀ ਤੰਗ ਹੋ ਗਿਆ। ਮੈਂ ਦੋ-ਤਿੰਨ ਵਾਰ ਹਾਰਨ ਮਾਰਿਆ। ਇਸ ਦੌਰਾਨ ਨਛੱਤਰ ਸਿੰਘ ਦੀ ਪਤਨੀ ਦਵਿੰਦਰ ਕੌਰ ਬਾਹਰ ਆਈ। ਮੈਂ ਉਸ ਨੂੰ ਕਿਹਾ ਕਿ ਟਰਾਲੀ ਸਾਈਡ ’ਤੇ ਕਰਵਾ ਦੇਵੇ ਤਾਂ ਜੋ ਮੇਰੀ ਗੱਡੀ ਲੰਘ ਸਕੇ। ਉਸ ਨੇ ਕਿਹਾ ਕਿ ਘਰ ’ਚ ਕੋਈ ਨਹੀਂ ਹੈ, ਮੈਂ ਮੁੰਡਿਆਂ ਨੂੰ ਫੋਨ ਕਰਦੀ ਹਾਂ, ਉਹ ਆ ਕੇ ਟਰਾਲੀ ਹਟਾ ਦੇਣਗੇ। ਮੈਂ ਕਰੀਬ ਅੱਧਾ ਘੰਟਾ ਉੱਥੇ ਉਡੀਕ ਕੀਤੀ ਤੇ ਕਈ ਵਾਰ ਹਾਰਨ ਵੀ ਮਾਰਿਆ। ਆਲੇ-ਦੁਆਲੇ ਦੇ ਲੋਕ ਵੀ ਬਾਹਰ ਆ ਗਏ ਅਤੇ ਉਨ੍ਹਾਂ ਵੀ ਟਰਾਲੀ ਹਟਾਉਣ ਲਈ ਕਿਹਾ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਦੌਰਾਨ ਜਦੋਂ ਨਛੱਤਰ ਸਿੰਘ ਮੋਟਰਸਾਈਕਲ ’ਤੇ ਘਰ ਤੋਂ ਬਾਹਰ ਗਿਆ, ਪਰ ਫਿਰ ਵੀ ਟਰਾਲੀ ਨਹੀਂ ਹਟਾਈ ਗਈ। ਜਦੋਂ ਮੈਂ ਖੁਦ ਉਤਰ ਕੇ ਟਰਾਲੀ ਹਟਾਉਣ ਲਈ ਕਿਹਾ, ਤਾਂ ਉਨ੍ਹਾਂ ਦੇ ਪੁੱਤਰ ਗੁਰਜੀਤ ਸਿੰਘ ਨੇ ਆਉਂਦੇ ਹੀ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਨਛੱਤਰ ਸਿੰਘ ਵੀ ਗਾਲਾਂ ਕੱਢਣ ਲੱਗ ਪਿਆ। ਉਨ੍ਹਾਂ ਮੇਰੇ ਨਾਲ ਧੱਕਾ-ਮੁੱਕੀ ਕੀਤੀ ਤੇ ਮੇਰੀ ਟੀ-ਸ਼ਰਟ ਵੀ ਫਾੜ ਦਿੱਤੀ। ਝਗੜਾ ਵਧਣ ‘ਤੇ ਉਹ ਸਾਨੂੰ ਧੱਕਦੇ ਹੋਏ ਸਾਡੇ ਘਰ ਵੱਲ ਲੈ ਗਏ। ਮੇਰੇ ਪਿਤਾ ਗੁਰਬਖਸ਼ ਸਿੰਘ ਸਾਨੂੰ ਛੁਡਾਉਣ ਆਏ ਤਾਂ ਉਨ੍ਹਾਂ ਨਾਲ ਵੀ ਬੁਰਾ ਵਤੀਰਾ ਕੀਤਾ ਗਿਆ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਜਿਸ ਨਾਲ ਉਨ੍ਹਾਂ ਮੇਰੇ ਪਿਤਾ ਗੁਰਬਖਸ਼ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹ ਥੱਲੇ ਡਿੱਗ ਪਏ ਅਤੇ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਬਾਅਦ ’ਚ ਪਿੰਡ ਵਾਸੀਆਂ ਨੇ ਵਿੱਚ ਪੈ ਕੇ ਸਾਨੂੰ ਛੁਡਾਇਆ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ’ਚ ਅਸੀਂ ਆਪਣੇ ਪਿਤਾ ਗੁਰਬਖਸ਼ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਹੈ। ਉਨ੍ਹਾਂ ਪ੍ਰਸ਼ਾਸਨ ਕੋਲ ਬੇਨਤੀ ਹੈ ਕਿ ਪਿੰਡ ਵਿੱਚ ਜਾ ਕੇ ਪੂਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਵਿੰਦਰ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਝੂਠੇ ਤੇ ਬੇਬੁਨਿਆਦ ਦੱਸਿਆ । ਦੂਜੇ ਪਾਸੇ ਥਾਣਾ ਕਬੀਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਡੀਐੱਸਪੀ ਧੁਰੇਂਦਰ ਵਰਮਾ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।