ਪੰਜਾਬ ਦੇ ਅੱਠ ਹਜ਼ਾਰ ਕਰੋੜ ਰੁਕਣ ਨਾਲ ਪਿੰਡਾਂ ਦਾ ਵਿਕਾਸ ਠੱਪ
ਪੰਜਾਬ ਦੇ ਪੇਂਡੂ ਵਿਕਾਸ ਦੇ ਅੱਠ ਹਜ਼ਾਰ ਕਰੋੜ ਰੁਪਏ ਰੁਕਣ ਨਾਲ ਪਿੰਡਾਂ ਦਾ ਵਿਕਾਸ ਠੱਪ
Publish Date: Fri, 13 Mar 2026 08:13 PM (IST)
Updated Date: Fri, 13 Mar 2026 08:15 PM (IST)

ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਰੁਕੇ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੇਠ 828 ਕਰੋੜ ਦੇ ਪ੍ਰੋਜੈਕਟ ਰੁਕੇ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਪੇਂਡੂ ਵਿਕਾਸ ਮੰਤਰਾਲੇ ਦੇ ਬਜਟ ’ਤੇ ਚੱਲ ਰਹੀ ਚਰਚਾ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਮਸਲਿਆਂ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਉਠਾਇਆ। ਸੰਤ ਸੀਚੇਵਾਲ ਨੇ ਹਾਊਸ ਵਿਚ ਚੱਲ ਰਹੀ ਚਰਚਾ ਵਿਚ ਹਿੱਸਾ ਲੈਂਦਿਆ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਲਈ ਕਰੀਬ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਫੰਡ ਕੇਂਦਰ ਸਰਕਾਰ ਦੀਆਂ ਫਾਇਲਾਂ ਵਿਚ ਰੁਕੇ ਹੋਏ ਹਨ। ਸੰਤ ਬਲਬੀਰ ਸਿੰਘ ਨੇ ਰਾਜ ਸਭਾ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਫੇਜ਼ ਤਿੰਨ ਤਹਿਤ ਪੰਜਾਬ ਵਿਚ ਕਰੀਬ 828 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਹੋਏ ਸਨ, ਜਿਨ੍ਹਾਂ ਵਿਚ 64 ਸੜਕਾਂ ਤੇ 38 ਪੁਲਾਂ ਦਾ ਨਿਰਮਾਣ ਹੋਣਾ ਸੀ, ਪਰ ਐੱਫਡੀਆਰ ਤਕਨੀਕ ਰਾਹੀਂ ਬਣਨ ਵਾਲੀਆ ਇਹ ਸੜਕਾਂ ਤੇ ਪੁਲ ਪਿਛਲੇ ਛੇ–ਸੱਤ ਮਹੀਨਿਆਂ ਤੋਂ ਟੈਂਡਰ ਪ੍ਰਕਿਰਿਆ ਵਿਚ ਹੀ ਅਟਕੇ ਹੋਏ ਹਨ ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਕਿਸੇ ਪਿੰਡ ਦੀਆਂ ਸੜਕਾਂ ਹੀ ਇਕ ਤਰਾਂ ਨਾਲ ਵਿਕਾਸ ਦੀ ਸਾਹ ਰਗ ਹੁੰਦੀਆਂ ਹਨ ਤੇ ਜਦੋਂ ਇਹ ਕੰਮ ਰੁਕਦੇ ਹਨ ਤਾਂ ਪਿੰਡਾਂ ਦਾ ਸਮੂਹਿਕ ਵਿਕਾਸ ਹੀ ਰੁਕ ਜਾਂਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਵਿਚ ਸੜਕਾਂ, ਪਾਣੀ ਦੀ ਸਪਲਾਈ, ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਹੋਰ ਵਿਕਾਸੀ ਸਕੀਮਾਂ ਦਾ ਸਿੱਧਾ ਸਬੰਧ ਰੂਰਲ ਡਿਵੈਲਪਮੈਂਟ ਫੰਡ ਨਾਲ ਹੈ। ਜਦੋਂ ਇਹ ਫੰਡ ਰੁਕ ਜਾਂਦਾ ਹੈ ਤਾਂ ਪਿੰਡਾਂ ਵਿਚ ਲਗਪਗ ਹਰ ਤਰ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਰੁਕਿਆ ਹੋਇਆ ਇਹ ਫੰਡ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਪਿੰਡਾਂ ਵਿਚ ਵਿਕਾਸੀ ਕੰਮ ਮੁੜ ਸ਼ੁਰੂ ਹੋ ਸਕਣ। ਉਨ੍ਹਾਂ ਸਪੱਸ਼ਟ ਕਿਹਾ ਕਿ ਫੰਡ ਰੋਕ ਕੇ ਸਜ਼ਾ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਜਿਸਦਾ ਸਭ ਤੋਂ ਵੱਡਾ ਨੁਕਸਾਨ ਪਿੰਡਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਹੋ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਇਥੋਂ ਦਾ ਕਿਸਾਨ ਤੇ ਮਜ਼ਦੂਰ ਦੇਸ਼ ਦੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਭੇਦਭਾਵ ਕਰਨ ਦੀ ਬਜਾਏ ਪੰਜਾਬ ਦੇ ਹੱਕ ਦੇ ਫੰਡ ਤੁਰੰਤ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਪਿੰਡਾਂ ਵਿਚ ਰੁਕੇ ਹੋਏ ਵਿਕਾਸੀ ਕੰਮ ਮੁੜ ਸ਼ੁਰੂ ਹੋ ਸਕਣ। ਆਲੂਆਂ ਦੇ ਡਿੱਗੇ ਭਾਅ ਕਾਰਨ ਕਿਸਾਨ ਮੁਸੀਬਤ ’ਚ ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਆਲੂਆਂ ਦੇ ਭਾਅ ਬਹੁਤ ਹੀ ਡਿੱਗ ਗਏ ਹਨ ਤੇ ਕਿਸਾਨ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਈ ਥਾਵਾਂ ‘ਤੇ ਕਿਸਾਨਾਂ ਨੂੰ ਆਪਣੀ ਫਸਲ ਢੇਰੀਆਂ ਵਿਚ ਰਾਹਾਂ ’ਤੇ ਸੁੱਟਣੀ ਪੈ ਰਹੀ ਹਨ ਕਿਉਂਕਿ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਮਦਦ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਉਨ੍ਹਾਂ ਦੀ ਫਸਲ ਨੂੰ ਬਣਦਾ ਭਾਅ ਮਿਲ ਸਕੇ।