ਪਿੰਡ ਔਜਲਾ ਮਾਘੀ ਮੇਲਾ 14 ਨੂੰ
ਪਿੰਡ ਔਜਲਾ ਮਾਘੀ ਮੇਲਾ 14 ਨੂੰ
Publish Date: Sat, 10 Jan 2026 06:38 PM (IST)
Updated Date: Sat, 10 Jan 2026 06:39 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇਥੋਂ ਥੋੜੀ ਦੂਰ ਪਿੰਡ ਔਜਲਾ ਦੇ ਨਜ਼ਦੀਕ ਧਾਰਮਿਕ ਅਸਥਾਨ ਡੇਰਾ ਬਾਬਾ ਸਿੱਧ ਵਜੀਰ ਵਿਖੇ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਸਾਧ ਸੰਗਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 14 ਜਨਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਸ ਸਬੰਧੀ ਮਾਘੀ ਵਾਲੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਬਾਅਦ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ। ਡੇਰੇ ਦੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਮਾਘੀ ਮੇਲੇ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਗੁਰਪ੍ਰਤਾਪ ਸਿੰਘ ਪਦਮ ਦਾ ਢਾਡੀ ਜਥਾ ਆਪਣੀਆਂ ਢਾਡੀ ਵਾਰਾਂ ਰਾਹੀਂ ਦਸ਼ਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ’ਤੇ ਚਾਨਣਾ ਪਾਉਣਗੇ। ਇਸ ਧਾਰਮਿਕ ਸਥਾਨ ਨੂੰ ਸੰਤ ਬਾਬਾ ਪ੍ਰੀਤਮ ਦਾਸ, ਸੰਤ ਬਾਬਾ ਹਰੀ ਦਾਸ ਤੇ ਸੰਤ ਬਾਬਾ ਭਜਨ ਦਾਸ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਮਾਘੀ ਵਾਲੇ ਦਿਨ ਦੁਪਹਿਰ ਦੋ ਵਜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨਾਂ ਵਿਚ ਛੇ ਦਰਜਨ ਦੇ ਲਗਪਗ ਪਹਿਲਵਾਨ ਹਿੱਸਾ ਲੈਣਗੇ। ਇਸ ਮੌਕੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਧਰਮਿੰਦਰ ਕੋਹਾਲੀ ਅਤੇ ਪ੍ਰਿਤਪਾਲ ਫਗਵਾੜਾ ਵਿਚਕਾਰ ਹੋਵੇਗਾ। ਕੁਸ਼ਤੀਆਂ ਵਿਚ ਭਾਗ ਲੈਣ ਵਾਲੇ ਸਾਰੇ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਇਨਾਮਾਂ ਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ।