ਵਿਜੀਲੈਂਸ ਨੇ ਸਿਸਟਮ ਨੂੰ ਸਹੀ ਕਰਨ ਲਈ ਕੀਤੇ ਬਹੁਤ ਯਤਨ
ਵਿਜੀਲੈਂਸ ਨੇ ਆਮ ਇਨਸਾਨ ਦੇ ਹੱਕ ਵਿੱਚ ਸਿਸਟਮ ਨੂੰ ਸਹੀ ਕਰਨ ਲਈ ਬਹੁਤ ਯਤਨ ਕੀਤੇ
Publish Date: Tue, 07 Apr 2026 06:55 PM (IST)
Updated Date: Tue, 07 Apr 2026 06:59 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਜੀਲੈਂਸ ਨੂੰ ਸਹੀ ਤੇ ਪੂਰੇ ਅਧਿਕਾਰ ਦੇ ਕੇ ਕਾਰੋਬਾਰੀਆਂ ਤੇ ਆਮ ਆਦਮੀ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਿਚ ਬਹੁਤ ਵਧੀਆ ਕੰਮ ਕੀਤਾ ਹੈ, ਇਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਧੇਰੇ ਅਧਿਕਾਰ ਦਿੱਤੇ ਗਏ ਹਨ, ਜਿਸ ਤਹਿਤ ਪਿਛਲੇ ਸਾਲ ਵਿਚ ਰਿਸ਼ਵਤਖੋਰੀ ਦੇ ਮਾਮਲਿਆਂ ਵਿਚ ਵੱਡੀ ਗਿਣਤੀ ਵਿਚ ਵਿਅਕਤੀਆਂ ਤੇ ਗਜ਼ਟਿਡ ਅਧਿਕਾਰੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਬਿਊਰੋ ਹੁਣ ਵੱਡੇ ਘੁਟਾਲਿਆਂ, ਮਨੀ ਲਾਂਡਰਿੰਗ ਤੇ ਗੈਰ-ਕਾਨੂੰਨੀ ਜਾਇਦਾਦ ਦੇ ਮਾਮਲਿਆਂ ਵਿਚ ਆਈਏਐੱਸ ਅਧਿਕਾਰੀਆਂ, ਸਾਬਕਾ ਮੰਤਰੀਆਂ ਤੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਵੀ ਸਿੱਧੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਉੱਚ ਅਧਿਕਾਰੀਆਂ ਤੇ ਸਾਬਕਾ ਮੰਤਰੀਆਂ ਦੀ ਭ੍ਰਿਸ਼ਟਾਚਾਰ ਵਿਚ ਸ਼ਮੂਲੀਅਤ ਦੀ ਜਾਂਚ ਤੇ ਗ੍ਰਿਫ਼ਤਾਰੀ ਦੇ ਅਧਿਕਾਰ, ਰਿਸ਼ਵਤ ਲੈਂਦੇ ਸਰਕਾਰੀ ਮੁਲਾਜ਼ਮਾਂ ਅਤੇ ਗਜ਼ਟਿਡ ਅਧਿਕਾਰੀਆਂ ਨੂੰ ਫੜਨ ਲਈ ਵਿਆਪਕ ਟਰੈਪ ਕੇਸ, ਆਮਦਨ ਤੋਂ ਵੱਧ ਜਾਇਦਾਦ ਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਡਿਜੀਟਲ ਦਸਤਾਵੇਜ਼ ਤੇ ਵਿੱਤੀ ਰਿਕਾਰਡ ਜ਼ਬਤ ਕਰਨ ਦੀ ਸ਼ਕਤੀ, ਪੰਚਾਇਤਾਂ, ਪੁਲਿਸ, ਮਾਲ ਤੇ ਬਿਜਲੀ ਵਿਭਾਗ ਵਰਗੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਆਦਿ ਸ਼ਾਮਲ ਹਨ। ਇਨ੍ਹਾਂ ਅਧਿਕਾਰਾਂ ਦਾ ਮੁੱਖ ਉਦੇਸ਼ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਯਕੀਨੀ ਬਣਾਉਣਾ ਤੇ ਜਨਤਕ ਸੇਵਾਵਾਂ ਵਿਚ ਪਾਰਦਰਸ਼ਤਾ ਲਿਆਉਣਾ ਹੈ। ਚੇਅਰਮੈਨ ਡਾ. ਗਗਨਦੀਪ ਸਿੰਘ ਨੇ ਵਿਜੀਲੈਂਸ ਚੀਫ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਕੰਮ ’ਚ ਹਮੇਸ਼ਾਂ ਹੀ ਪਾਰਦਰਸ਼ਤਾ ਨਜ਼ਰ ਆਉੰਦੀ ਹੈ।