ਮਿੱਠੜਾ ਕਾਲਜ ’ਚ ਕੰਪਿਊਟਰ ਤੇ ਅੰਗਰੇਜ਼ੀ ਵਿਭਾਗ ਦੇ ਮੁਕਾਬਲੇ ਕਰਵਾਏ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕੰਪਿਊਟਰ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਵਿਭਿੰਨ ਮੁਕਾਬਲੇ ਆਯੋਜਿਤ
Publish Date: Thu, 26 Feb 2026 08:48 PM (IST)
Updated Date: Thu, 26 Feb 2026 08:49 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਕੰਪਿਊਟਰ ਤੇ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਤਕਨੀਕੀ ਯੋਗਤਾਵਾਂ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਵਿਚ ਲਾਜਿਕ ਟੈਸਟ, ਟਾਈਪਿੰਗ ਟੈਸਟ, ਰੀਲ (ਕਨਟੈਂਟ) ਮੇਕਿੰਗ ਤੇ ਆਨ ਦਿ ਸਪਾਟ ਸਪੀਕਿੰਗ ਸ਼ਾਮਲ ਸਨ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਤਮਗੇ ਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੇ ਜੱਜ ਦੀ ਭੂਮਿਕਾ ਡਾ. ਪਰਮਜੀਤ ਕੌਰ (ਮੁਖੀ, ਵਿਗਿਆਨ ਵਿਭਾਗ) ਤੇ ਡਾ. ਪਰਮਜੀਤ ਕੌਰ (ਮੁਖੀ, ਕਾਮਰਸ ਤੇ ਕੰਪਿਊਟਰ ਵਿਭਾਗ) ਵੱਲੋਂ ਨਿਭਾਈ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਧੁਨਿਕ ਯੁੱਗ ਵਿਚ ਤਕਨਾਲੋਜੀ ਤੇ ਸੰਚਾਰ ਕੌਸ਼ਲ ਬਹੁਤ ਮਹੱਤਵਪੂਰਨ ਹਨ। ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਕਾਮਰਸ ਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਲਾਜਿਕ ਤੇ ਟਾਈਪਿੰਗ ਵਰਗੇ ਟੈਸਟ ਵਿਦਿਆਰਥੀਆਂ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਜਦਕਿ ਰੀਲ ਤੇ ਕੰਟੈਂਟ ਮੇਕਿੰਗ ਉਨ੍ਹਾਂ ਦੀ ਰਚਨਾਤਮਕ ਸੋਚ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮੈਡਮ ਹੀਨਾ, ਗੁਰਮੁਖ ਸਿੰਘ (ਕੰਪਿਊਟਰ ਵਿਭਾਗ) ਤੇ ਅਮਰਦੀਪ ਸਿੰਘ (ਅੰਗਰੇਜ਼ੀ ਵਿਭਾਗ) ਦਾ ਵਿਸ਼ੇਸ਼ ਯੋਗਦਾਨ ਰਿਹਾ।