- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਲਮੀਕਿ ਸਮਾਜ ਵੱਲੋਂ ਧੱਕੇਸ਼ਾਹੀ ਤੇ ਜਾਤੀਸੂਚਕ ਸ਼ਬਦਾਂ ਦੇ ਵਿਰੋਧ ਵਿੱਚ ਪੂਰਾ ਸ਼ਹਿਰ ਕੀਤਾ ਬੰਦ

-ਸਮਾਜ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਕੇ ਜਤਾਇਆ ਰੋਸ
ਧੱਕੇਸ਼ਾਹੀ ਤੇ ਜਾਤੀਸੂਚਕ ਸ਼ਬਦਾਂ ਦੇ ਵਿਰੋਧ ’ਚ ਕੀਤਾ ਬੰਦ
ਅਮਰੀਕ ਮੱਲ੍ਹੀ\ਸੁਖਪਾਲ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਸ਼ਹਿਰ ਵਿਚ ਵਾਲਮੀਕਿ ਸਮਾਜ ਦੇ ਵੱਖ-ਵੱਖ ਆਗੂਆਂ ਅਤੇ ਵਰਕਰਾਂ ਵੱਲੋਂ ਇਕਜੁੱਟ ਹੋ ਕੇ ਇਕ ਮਹਿਲਾ ਆਗੂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਜਾਤੀਸੂਚਕ ਸ਼ਬਦ ਬੋਲੇ ਜਾਣ ਦੇ ਵਿਰੋਧ ਵਿਚ ਵੱਡੇ ਪੱਧਰ ’ਤੇ ਰੋਸ ਜਤਾਇਆ ਗਿਆ ਅਤੇ ਪੂਰਾ ਸ਼ਹਿਰ ਬੰਦ ਕਰਵਾਇਆ ਗਿਆ। ਇਸ ਬਾਬਤ ਵਾਲਮੀਕਿ ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹੰਸ, ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਦੇ ਪ੍ਰਧਾਨ ਕੋਮਲ ਸਹੋਤਾ ਅਤੇ ਵਾਲਮੀਕਿ ਸੰਘਰਸ਼ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਕਿਹਾ ਕਿ ਇਸ ਬੰਦ ਦੀ ਕਾਲ ਬਾਰੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਦੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਵੱਲੋਂ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਇਸ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੱਤਾ ਗਿਆ ਹੈ। ਚਰਨਜੀਤ ਹੰਸ, ਕੋਮਲ ਸਹੋਤਾ ਅਤੇ ਰੋਸ਼ਨ ਲਾਲ ਸੱਭਰਵਾਲ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ, ਉਸ ਸਮੇਂ ਤੋਂ ਹੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਇਥੋਂ ਤੱਕ ਕਿ ਲੋਕਾਂ ਨੂੰ ਥਾਣਿਆਂ ਤੋਂ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ। ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਅਤੇ ਵਾਲਮੀਕਿ ਸਮਾਜ ਨਾਲ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਚਰਨਜੀਤ ਹੰਸ, ਕੋਮਲ ਸਹੋਤਾ ਤੇ ਰੋਸ਼ਨ ਲਾਲ ਸੱਭਰਵਾਲ ਨੇ ਦੱਸਿਆ ਕਿ ਸ਼ਹਿਰ ਦੀ ਇਕ ਮਹਿਲਾ ਆਗੂ ਵੱਲੋਂ ਸ਼ਰੇਆਮ ਕਾਨੂੰਨ ਵਿਵਸਥਾ ਨੂੰ ਭੰਗ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਅਸੀ ਐੱਸਐੱਸਪੀ ਕਪੂਰਥਲਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਕਤ ਮਹਿਲਾ ਆਗੂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਚੁੱਕੇ ਹਾਂ, ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਹ ਸਖਤ ਕਦਮ ਚੁੱਕਣੇ ਪੈ ਰਹੇ ਹਨ । ਚਰਨਜੀਤ ਹੰਸ ਅਤੇ ਕੋਮਲ ਸਹੋਤਾ ਨੇ ਕਿਹਾ ਕਿ ਉਕਤ ਮਹਿਲਾ ਆਗੂ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਵਾਲਮੀਕਿ ਸਮਾਜ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ, ਪਰ ਸਾਨੂੰ ਕਦੇ ਵੀ ਕਿਤੋਂ ਕੋਈ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਸਖਤ ਫੈਸਲਾ ਨਾ ਲਿਆ ਗਿਆ ਤਾਂ ਸਾਨੂੰ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
-ਸ਼ਹਿਰ ’ਚ ਪਸਰਿਆ ਸੰਨਾਟਾ
ਬੰਦ ਦੇ ਚੱਲਦੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ। ਦੁਕਾਨਾਂ, ਵਪਾਰਕ ਸਥਾਨ ਅਤੇ ਹੋਰ ਕਾਰੋਬਾਰਕ ਇਕਾਈਆਂ ਬੰਦ ਰਹੀਆਂ। ਆਮ ਲੋਕਾਂ ਨੇ ਵੀ ਬੰਦ ਨੂੰ ਸਮਰਥਨ ਦਿੰਦਿਆਂ ਆਪਣੇ ਘਰਾਂ ਵਿਚ ਹੀ ਰਹਿਣਾ ਠੀਕ ਸਮਝਿਆ, ਜਿਸ ਨਾਲ ਸੜਕਾਂ ’ਤੇ ਆਵਾਜਾਈ ਬਹੁਤ ਘੱਟ ਦਿਖਾਈ ਦਿੱਤੀ। ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਸ਼ਹਿਰ ਵਿਚ ਇਕ ਅਜੀਬ ਚੁੱਪ ਅਤੇ ਗੰਭੀਰਤਾ ਦਾ ਮਾਹੌਲ ਬਣਿਆ ਰਿਹਾ।
--ਜਗ੍ਹਾ-ਜਗ੍ਹਾ ’ਤੇ ਪੁਲਿਸ ਰਹੀ ਤਾਇਨਾਤ
ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਗਈ ਸੀ। ਸ਼ਹਿਰ ਦੇ ਮੁੱਖ ਚੌਂਕਾਂ, ਸੰਵੇਦਨਸ਼ੀਲ ਇਲਾਕਿਆਂ ਅਤੇ ਪ੍ਰਦਰਸ਼ਨ ਵਾਲੇ ਸਥਾਨਾਂ ’ਤੇ ਵੱਡੀ ਗਿਣਤੀ ਵਿਚ ਪੁਲਿਸ ਜਵਾਨ ਤਾਇਨਾਤ ਰਹੇ। ਪੁਲਿਸ ਅਧਿਕਾਰੀਆਂ ਵੱਲੋਂ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਗਈ, ਜਿਸ ਕਾਰਨ ਦਿਨ ਭਰ ਕਿਤੇ ਵੀ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਦੀ ਖ਼ਬਰ ਨਹੀਂ ਮਿਲੀ।
--ਸ਼ਾਮ ਹੁੰਦਿਆਂ ਬਜ਼ਾਰਾਂ ’ਚ ਰੌਣਕ ਪਰਤੀ
ਸ਼ਾਮ ਕਰੀਬ 5 ਵਜੇ ਦੇ ਆਸ-ਪਾਸ ਹਾਲਾਤ ਹੌਲੀ-ਹੌਲੀ ਆਮ ਹੋਣ ਲੱਗ ਪਏ ਅਤੇ ਬਜ਼ਾਰਾਂ ਵਿਚ ਰੌਣਕ ਮੁੜ ਦਿਖਾਈ ਦੇਣ ਲੱਗੀ । ਕੁਝ ਦੁਕਾਨਾਂ ਖੁੱਲ੍ਹੀਆਂ ਅਤੇ ਆਵਾਜਾਈ ਵੀ ਆਮ ਹੋਣ ਲੱਗੀ। ਹਾਲਾਂਕਿ ਵਾਲਮੀਕਿ ਸਮਾਜ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਮੁਲਜ਼ਮ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।
-ਰੋਸ ਪ੍ਰਦਰਸ਼ਨ ਦੌਰਾਨ ਇਹ ਆਗੂ ਰਹੇ ਹਾਜ਼ਰ
ਇਸ ਧਰਨੇ ਪ੍ਰਰਦਸ਼ਨ ਦੌਰਾਨ ਵਾਲਮੀਕਿ ਸੰਘਰਸ਼ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਵਾਲਮੀਕਿ ਨੌਜਵਾਨ ਕਪੂਰਥਲਾ ਸਭਾ ਦੇ ਪ੍ਰਧਾਨ ਕੋਮਲ ਸਹੋਤਾ, ਵਾਲਮੀਕਿ ਸੰਘਰਸ਼ ਮੋਰਚਾ ਯੂਥ ਵਿੰਗ ਪੰਜਾਬ ਪ੍ਰਧਾਨ ਅਰਜਨ ਸੱਭਰਵਾਲ, ਕਮਲੇਸ਼ਵਰ ਐਜੂਕੇਸ਼ਨ ਟਰੱਸਟ ਪ੍ਰਧਾਨ ਸਾਬੀ ਲੰਕੇਸ਼, ਵਾਲਮੀਕਿ ਸੰਘਰਸ਼ ਮੋਰਚਾ ਚੇਅਰਮੈਨ ਯੂਥ ਵਿੰਗ ਸ਼ਾਰਪ ਸੱਭਰਵਾਲ, ਪ੍ਰਧਾਨ ਬੱਬਲੂ ਥਾਪਰ, ਪ੍ਰਧਾਨ ਗੋਰਾ ਸੁਨੇਰਿਆ, ਪ੍ਰਧਾਨ ਮੰਗਾ, ਮੈਡਮ ਰੇਨੂੰ, ਮੈਡਮ ਰਾਜਵਿੰਦਰ, ਬੀਬੀ ਸ਼ੀਲਾ, ਬੀਬੀ ਗੁਰਬਖਸ਼ ਕੌਰ, ਬੀਬੀ ਨਰਿੰਦਰ, ਸੁਖਦੇਵ ਸਿੰਘ, ਪ੍ਰਧਾਨ ਜਸਵਿੰਦਰ ਉੱਘੀ, ਜਲੰਧਰ ਤੋਂ ਪ੍ਰਧਾਨ ਮੋਨੂੰ ਤੇਜ਼ੀ, ਚੇਅਰਮੈਨ ਸੰਜੇ ਲੂਥਰਾ, ਗੌਰਵ, ਵਾਲਮੀਕਿ ਪ੍ਰਧਾਨ ਵਿਕਾਸ ਮੋਮੀ, ਪ੍ਰਧਾਨ ਵਿਕਾਸ ਸਿੱਧੀ, ਕਰਤਾਰਪੁਰ ਜੀਵਨ ਸੱਭਰਵਾਲ, ਪ੍ਰਧਾਨ ਆਕਾਸ਼, ਪ੍ਰਧਾਨ ਅਨਮੋਲ, ਵਿਜੇ ਕੁਮਾਰ, ਵਿਨੈ ਕਾਦੂਪੁਰ, ਜਸਪਾਲ ਮੈਣਵਾ, ਗੁਰਦੇਵ ਮੈਣਵਾ, ਵਿੱਕੀ, ਮੰਗਾ ਲਾਹੋਰੀ ਗੇਟ, ਅਰਜੁਣ ਸਭਰਵਾਲ, ਕਾਲੀ ਪ੍ਰਧਾਨ, ਨਰਿੰਦਰ ਕੌਰ, ਰਾਜਵਿੰਦਰ ਕੌਰ, ਤਰਲੋਕ, ਜੱਥੇਦਾਰ ਨਿਰਮਲ ਸਿੰਘ, ਰੇਨੂੰ ਪ੍ਰਧਾਨ, ਧਰਮਿੰਦਰ ਗਿੱਲ, ਤਰਲੋਕ, ਸੋਨੂੰ ਅੋਜਲਾ, ਮਨੋਜ ਅਤੇ ਵੱਡੀ ਗਿਣਤੀ ਵਿਚ ਹੋਰ ਲੋਕ ਹਾਜ਼ਰ ਸਨ।