ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਧਰਨਾ
ਚੈਅਰਮੈਨ ਦੀ ਚੋਣ ਦੌਰਾਨ ਹੰਗਾਮਾ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਡੀਪੀਓ ਦਫ਼ਤਰ ਬਾਹਰ ਧਰਨਾ,ਆਪ ’ਤੇ ਧੱਕੇਸ਼ਾਹੀ ਦੇ ਗੰਭੀਰ ਆਰੋਪ
Publish Date: Mon, 16 Mar 2026 08:56 PM (IST)
Updated Date: Mon, 16 Mar 2026 08:58 PM (IST)

ਆਪ ’ਤੇ ਲਗਾਏ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਖਵੀਰ ਸਿੰਘ ਲੱਖੀ/ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਦਰਮਿਆਨ ਆਖਿਰਕਾਰ ਆਮ ਆਦਮੀ ਪਾਰਟੀ ਨੇ ਦੋਵੇਂ ਅਹੁਦੇ ਆਪਣੇ ਨਾਮ ਕਰ ਲਏ। ਚੋਣ ਪ੍ਰਕਿਰਿਆ ਦੌਰਾਨ ਮਾਹੌਲ ਉਸ ਵੇਲੇ ਭਖ ਗਿਆ ਜਦੋਂ ਦੋ ਧਿਰਾਂ ਵਿਚਾਲੇ ਤਕਰਾਰ ਦੇ ਹਾਲਾਤ ਬਣ ਗਏ। ਇਸ ਮਾਮਲੇ ਨੂੰ ਲੈ ਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਮਰਥਕਾਂ ਵੱਲੋਂ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ, ਜਿਸ ਨਾਲ ਇਲਾਕੇ ਵਿਚ ਤਣਾਅ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸਰਕਾਰ ’ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜੇ ਵੀ 8 ਮੈਂਬਰਾਂ ਦੀ ਪੂਰੀ ਹਮਾਇਤ ਮੌਜੂਦ ਹੈ, ਜਦ ਕਿ 9ਵੀਂ ਵੋਟ ਵਿਧਾਇਕ ਦੀ ਹੁੰਦੀ ਹੈ ਪਰ ਸਰਕਾਰ ਨੇ ਧੱਕੇਸ਼ਾਹੀ ਤੇ ਦਬਾਅ ਦੇ ਜ਼ਰੀਏ ਆਪਣਾ ਚੇਅਰਮੈਨ ਤੇ ਵਾਈਸ ਚੇਅਰਮੈਨ ਚੁਣ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਮੈਂਬਰਾਂ ਨੂੰ ਅੰਦਰ ਵੋਟ ਪਾਉਣ ਤੋਂ ਵੀ ਰੋਕਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਭੂਮਿਕਾ ਨਿਭਾਈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਂਦੀ ਤਾਂ ਨਤੀਜੇ ਵੱਖਰੇ ਹੋਣੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ਦੇ ਦਬਾਅ ਹੇਠ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਗਿਆ ਹੈ, ਜੋ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਉਹ ਆਪਣੀ ਲੜਾਈ ਜਾਰੀ ਰੱਖਣਗੇ ਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹਾਈ ਕੋਰਟ ਦਾ ਰੁੱਖ ਕਰਨਗੇ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਬਲਾਕ ਸੰਮਤੀ ਦੀਆਂ ਇਹ ਚੋਣਾਂ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਕਰਵਾਈਆਂ ਜਾਣ, ਪਰ ਸਰਕਾਰ ਨੇ ਜਾਣਬੁੱਝ ਕੇ ਇਹ ਚੋਣਾਂ ਸੈਸ਼ਨ ਦੌਰਾਨ ਹੀ ਰੱਖ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਇਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾਇਆ ਜਾ ਸਕੇ। ਵਿਧਾਇਕ ਰਾਣਾ ਨੇ ਹਰਵਿੰਦਰ ਸਿੰਘ ਲਾਲੀ ਦੇ ਮਾਮਲੇ ਨੂੰ ਲੈ ਕੇ ਵੀ ਪੁਲਿਸ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਲਾਲੀ ’ਤੇ ਪਹਿਲਾਂ ਤੋਂ ਕੋਈ ਪਰਚਾ ਦਰਜ ਸੀ ਤਾਂ ਉਹ ਰੋਜ਼ਾਨਾ ਥਾਣੇ ਜਾਂਦਾ ਸੀ, ਉਸ ਵੇਲੇ ਉਸ ਨੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਚੋਣ ਦੇ ਦਿਨ ਹੀ ਪੁਲਿਸ ਨੇ ਉਸ ਨੂੰ ਵੋਟ ਪਾਉਣ ਤੋਂ ਰੋਕਿਆ, ਜੋ ਸਪਸ਼ਟ ਤੌਰ ’ਤੇ ਸਿਆਸੀ ਦਬਾਅ ਦਾ ਨਤੀਜਾ ਹੈ। ਇਸ ਦੌਰਾਨ ਰਾਣਾ ਦੇ ਸਮਰਥਕਾਂ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ ਤੇ ਦੁਬਾਰਾ ਚੋਣ ਕਰਾਈ ਜਾਵੇ। ਇਸ ਮੌਕੇ ਵਿਧਾਇਕ ਰਾਣਾ ਦੇ ਨਾਲ ਧਰਨੇ ਵਿਚ ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ, ਮੈਂਬਰ ਜਸਵਿੰਦਰ ਕੌਰ, ਮੈਂਬਰ ਬਲਵਿੰਦਰ ਕੌਰ, ਮੈਂਬਰ ਰਿਤੂ, ਮੈਂਬਰ ਅਨੀਤਾ, ਮੈਂਬਰ ਸ਼ਰਨਦੀਪ ਕੌਰ, ਮੈਂਬਰ ਮਨਦੀਪ ਕੌਰ, ਮੈਂਬਰ ਹਰਵਿੰਦਰ ਸਿੰਘ ਲਾਲੀ, ਪ੍ਰਧਾਨ ਗੁਰਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜੋਗਾ ਸਿੰਘ ਨੰਬਰਦਾਰ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਸਲਰ ਸੰਤਪ੍ਰੀਤ ਸਿੰਘ, ਕੌਸਲਰ ਪਵਨ ਕਨੋਜੀਆ, ਗਿਰਦੌਰ ਸਿੰਘ ਆਹਲੀ, ਸਰੂਪ ਸਿੰਘ, ਗੁਰਬੀਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਦਵਿੰਦਰ ਸਿੰਘ (ਸਾਬਕਾ ਸਰਪੰਚ), ਸੋਨੂ, ਵਰਿਆਮ ਸਿੰਘ ਨੰਬਰਦਾਰ, ਉਪ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਤਕੀਆ, ਜਗਜੀਤ ਸਿੰਘ ਚੰਦੀ, ਸੁਖਵਿੰਦਰ ਸਿੰਘ ਸੁੱਖ (ਸਾਬਕਾ ਚੇਅਰਮੈਨ), ਹਰਚਰਨ ਸਿੰਘ ਬੱਗਾ (ਚੇਅਰਮੈਨ), ਬਚਿੱਤਰ ਸਿੰਘ, ਕੁਲਦੀਪ ਸਿੰਘ, ਤ੍ਰਿਲੋਚਨ ਸਿੰਘ ਤੇ ਜਗਜੀਤ ਸਿੰਘ ਜੱਗੀ ਸਮੇਤ ਹੋਰ ਕਈ ਵਰਕਰ ਤੇ ਸਮਰਥਕ ਮੌਜੂਦ ਸਨ।