ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਕੀਤਾ ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ
ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਵੱਲ ਕਦਮ ; ਕਿਲ੍ਹਾ ਗੋਬਿੰਦਗੜ੍ਹ ਦੌਰਾ
Publish Date: Mon, 16 Mar 2026 08:01 PM (IST)
Updated Date: Mon, 16 Mar 2026 08:04 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਦੇ ਵਿਦਿਆਰਥੀਆਂ ਲਈ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਦਾ ਸਿੱਖਿਆ ਦੌਰਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਸ਼ਾਨਦਾਰ ਇਤਿਹਾਸ ਤੇ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਸੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਿਲ੍ਹੇ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਜਾਣਕਾਰੀ ਅਨੁਸਾਰ ਪਹਿਲਾਂ ਇਹ ਕਿਲ੍ਹਾ ਗੁੱਜਰ ਸਿੰਘ ਭੰਗੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਦਾ ਨਿਰਮਾਣ 1760–1770 ਦੇ ਦਹਾਕੇ ਵਿਚ ਭੰਗੀ ਮਿਸਲ ਦੇ ਸਰਦਾਰਾਂ ਵੱਲੋਂ ਕਰਵਾਇਆ ਗਿਆ ਸੀ। ਬਾਅਦ ਵਿਚ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਖੰਡਰਾਂ ਉੱਤੇ ਨਵਾਂ ਕਿਲ੍ਹਾ ਬਣਵਾਇਆ, ਜਿਸ ਦਾ ਨਿਰਮਾਣ 1805 ਤੋਂ 1809 ਤੱਕ ਚਾਰ ਸਾਲਾਂ ਵਿਚ ਪੂਰਾ ਹੋਇਆ। ਇਤਿਹਾਸਕ ਤੌਰ ‘ਤੇ ਇਹ ਕਿਲ੍ਹਾ ਸ਼ਾਹੀ ਹਥਿਆਰਾਂ ਤੇ ਗੋਲਾ-ਬਰੂਦ ਦੇ ਭੰਡਾਰ ਦੇ ਨਾਲ ਨਾਲ ਸ਼ਾਹੀ ਖ਼ਜ਼ਾਨੇ ਦੀ ਸੰਭਾਲ ਲਈ ਵੀ ਵਰਤਿਆ ਜਾਂਦਾ ਸੀ ਤੇ ਇਥੇ ਟਕਸਾਲ ਵੀ ਸਥਾਪਿਤ ਕੀਤੀ ਗਈ ਸੀ। ਸਿੱਖ ਰਾਜ ਦੌਰਾਨ ਪ੍ਰਸਿੱਧ ਫਕੀਰ ਭਰਾਵਾਂ ਵਿਚੋਂ ਮੀਆਂ ਇਮਾਮੁੱਦੀਨ ਕਈ ਸਾਲਾਂ ਤੱਕ ਇਸ ਕਿਲ੍ਹੇ ਦੇ ਮੁਖੀ ਰਹੇ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਿਲ੍ਹੇ ਦੇ ਅੰਦਰ ਬਣੇ ਮਿਊਜ਼ੀਅਮ, ਕਲਾ ਪ੍ਰਦਰਸ਼ਨੀਆਂ ਤੇ ਵਿਰਾਸਤੀ ਢਾਂਚਿਆਂ ਨੂੰ ਦੇਖ ਕੇ ਪੰਜਾਬ ਦੇ ਸ਼ਾਨਦਾਰ ਇਤਿਹਾਸ ਤੇ ਸੰਸਕ੍ਰਿਤੀ ਨਾਲ ਜਾਣ-ਪਛਾਣ ਬਣਾਈ। ਇਸ ਮੌਕੇ ਉਨ੍ਹਾਂ ਨੇ ਪੁਰਾਤਨ ਹਥਿਆਰਾਂ, ਪੇਂਟਿੰਗਾਂ ਤੇ ਇਤਿਹਾਸਕ ਵਸਤੂਆਂ ਨੂੰ ਵੀ ਨਜ਼ਦੀਕ ਤੋਂ ਵੇਖਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਕਿਲ੍ਹੇ ਵਿਚ ਹੋ ਰਹੀਆਂ ਸਭਿਆਚਾਰਕ ਗਤੀਵਿਧੀਆਂ ਦਾ ਵੀ ਆਨੰਦ ਮਾਣਿਆ। ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਤੇ ਉਹਨਾਂ ਨੂੰ ਕਿਤਾਬੀ ਪੜ੍ਹਾਈ ਤੋਂ ਇਲਾਵਾ ਅਸਲੀ ਇਤਿਹਾਸ ਅਤੇ ਸਭਿਆਚਾਰ ਨਾਲ ਜੋੜਦੇ ਹਨ।