ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਦੀ ਹੜਤਾਲ ’ਚ ਸਾਰੀਆਂ ਟਰੇਡ ਯੂਨੀਅਨਾਂ ਨੂੰ ਸ਼ਾਮਲ ਹੋਣ ਦਾ ਸੱਦਾ
ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਸਾਰੀਆਂ ਟਰੇਡ ਯੂਨੀਅਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ
Publish Date: Tue, 10 Feb 2026 08:24 PM (IST)
Updated Date: Tue, 10 Feb 2026 08:26 PM (IST)

ਅਮਰੀਕ ਮੱਲ੍ਹੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕੇਂਦਰੀ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵੱਲੋਂ ਸੱਦੀ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿਚ ਰੁੱਝੇ ਹੋਏ ਐੱਸਕੇਐੱਮ ਕਪੂਰਥਲਾ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 12 ਨੂੰ 12 ਵਜੇ ਤੋਂ ਬਾਅਦ ਮੁੱਖ ਡਾਕ ਘਰ ਕਪੂਰਥਲਾ (ਠੰਢੀ ਸੜਕ ’ਤੇ) ਦੇ ਸਾਹਮਣੇ ਦੇਸ਼ ਵਿਆਪੀ ਹੜਤਾਲ ਦੌਰਾਨ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿਚ ਡਾਕਘਰ, ਬੈਂਕ, ਟਰਾਂਸਪੋਰਟ ਬੀਮਾ, ਬਿਜਲੀ, ਸਨਅਤੀ, ਨਰੇਗਾ, ਆਂਗਨਵਾੜੀ, ਭਾਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਸਰਕਾਰੀ, ਅਰਧ-ਸਰਕਾਰੀ ਆਦਿ ਅਦਾਰਿਆਂ ਦੇ ਮੁਲਾਜ਼ਮ ਵੱਡੀ ਪੱਧਰ ਉੱਤੇ ਹੜਤਾਲ ਵਿਚ ਸ਼ਾਮਲ ਹੋਣਗੇ ਤੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨਗੇ। ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਕੇਂਦਰੀਕਰਨ ਤੇ ਪਬਲਿਕ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਦੇਸ਼ ਦੇ ਕਿਸਾਨ, ਮਜ਼ਦੂਰ ਤੇ ਆਮ ਲੋਕਾਂ ਦੇ ਵਿਰੁੱਧ ਤੇ ਕਾਰਪੋਰੇਟਾਂ ਨੂੰ ਮੁਨਾਫੇ ਪਹੁੰਚਾਉਣ ਤੋਂ ਇਲਾਵਾ ਲੁੱਟ ਕਰਨ ਦੀ ਖੁੱਲੀ ਛੋਟ ਦੇਣ ਵਾਲਾ ਕਦਮ ਦੱਸਿਆ। ਬੁਲਾਰਿਆਂ ਨੇ ਦੇਸ਼ ਵਿਆਪੀ ਹੜਤਾਲ ਦੇ ਮੁੱਖ ਮੁੱਦਿਆਂ ਵਿਚ 29 ਲੇਬਰ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਬਣਾਏ ਚਾਰ ਲੇਬਰ ਕੋਡ ਰੱਦ ਕਰਵਾਉਣ, ਅੱਠ ਘੰਟੇ ਦੀ ਡਿਊਟੀ ਬਹਾਲ ਕਰਵਾਉਣ, ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਗੈਰ-ਸੰਗਠਤ ਘਰੇਲੂ ਵਰਕਰਾਂ ਦੀ ਉਜਰਤ ਤਹਿ ਕਰਵਾਉਣ, ਠੇਕੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਤੇ ਕਾਮਿਆਂ ਨੂੰ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਪਬਲਿਕ ਸੈਕਟਰ ਦਾ ਨਿੱਜੀਕਰਨ ਰੋਕਣ ਆਦਿ ਮੁੱਦਿਆਂ ਤੋਂ ਇਲਾਵਾ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਬੀਜ ਬਿੱਲ ਐਕਟ ਵਾਪਸ ਕਰਵਾਉਣ, ਬਿਜਲੀ ਬਿੱਲ 2025 ਐਕਟ ਰੱਦ ਕਰਵਾਉਣ ਤੇ ਮੁਕਤ ਵਪਾਰ ਸਮਝੌਤੇ ਵਿਚ ਖੇਤੀ ਤੇ ਡੇਅਰੀ ਨੂੰ ਬਾਹਰ ਰੱਖਣ ਦੀ ਮੰਗ ਵੀ ਵਿਸ਼ੇਸ਼ ਤੌਰ ’ਤੇ ਉਭਾਰੀ ਜਾਵੇਗੀ।