ਯੂਨੀਅਨ ਬਜਟ ਆਮ ਲੋਕਾਂ ਨਾਲ ਧੋਖਾ, ਪੰਜਾਬ ਨੂੰ ਕੀਤਾ ਅਣਡਿੱਠਾ : ਕਰਮਜੀਤ ਬਿੱਟੂ
ਯੂਨੀਅਨ ਬਜਟ ਆਮ ਲੋਕਾਂ ਨਾਲ ਧੋਖਾ, ਪੰਜਾਬ ਨੂੰ ਕੀਤਾ ਅਣਡਿੱਠਾ, – ਸ. ਕਰਮਜੀਤ ਸਿੰਘ ਬਿੱਟੂ
Publish Date: Wed, 04 Feb 2026 08:14 PM (IST)
Updated Date: Thu, 05 Feb 2026 04:11 AM (IST)

ਕੈਪਸ਼ਨ - 04ਪੀਐਚਜੀ8 ਸ. ਕਰਮਜੀਤ ਸਿੰਘ ਬਿੱਟੂ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਯੂਨੀਅਨ ਬਜਟ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਜਟ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਲਈ ਪੂਰੀ ਤਰ੍ਹਾਂ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੇ ਗਰੀਬ ਵਰਗ ਨਾਲ ਧੋਖਾ ਕਰਦਾ ਹੈ ਤੇ ਸਿਰਫ਼ ਕੁੱਝ ਰਾਜਾਂ ‘ਚ ਇਸ ਸਾਲ ਹੋਣ ਵਾਲੀਆਂ ਚੋਣਾਂ ਦੇ ਫਾਇਦੇ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਸ. ਬਿੱਟੂ ਨੇ ਕਿਹਾ ਕਿ ਬਜਟ ’ਚ ਮਹਿੰਗਾਈ, ਬੇਰੋਜ਼ਗਾਰੀ ਅਤੇ ਕਿਸਾਨੀ ਸੰਕਟ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਅਣਡਿੱਠਾ ਕੀਤਾ ਗਿਆ ਹੈ। ਕਿਸਾਨਾਂ ਲਈ ਨਾ ਤਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਅਤੇ ਨਾ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਬਾਰੇ ਕੋਈ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਹਰ ਵਾਰ ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਮੱਧ ਵਰਗ ਨੂੰ ਟੈਕਸ ਰਾਹਤ ਦੇ ਨਾਂ ‘ਤੇ ਸਿਰਫ਼ ਭਰਮ ਵਿੱਚ ਰੱਖਿਆ ਗਿਆ ਹੈ, ਜਦਕਿ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਲਈ ਬਜਟ ਵਿੱਚ ਲੋੜੀਂਦਾ ਵਾਧਾ ਨਹੀਂ ਕੀਤਾ ਗਿਆ। ਕਰਮਜੀਤ ਸਿੰਘ ਬਿੱਟੂ ਨੇ ਅਮਰੀਕਾ ਨਾਲ ਹੋਏ ਟੈਰਿਫ ਸਮਝੌਤੇ ਨੂੰ ਲੈ ਕੇ ਵੀ ਡੂੰਘੀ ਸ਼ੰਕਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਟਰੰਪ ਵਲੋਂ ਆਪਣੇ ਟਵੀਟ ’ਚ ਜੋ ਕਿਹਾ ਗਿਆ, ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਖਾਮੋਸ਼ ਹਨ ਤੇ ਭਾਜਪਾ ਦੇ ਬੁਲਾਰੇ ਸਫਾਈਆਂ ਪੇਸ਼ ਕਰ ਰਹੇ ਹਨ, ਜੋ ਕਿ ਕਈ ਤਰਾਂ ਦੇ ਸ਼ੱਕ ਪੈਦਾ ਕਰਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਜਨ ਵਿਰੋਧੀ ਬਜਟ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗੀ ਅਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਸਰਕਾਰ ਨੂੰ ਜਵਾਬਦੇਹ ਬਣਾਏਗੀ।