- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਣ-ਅਧਿਕਾਰਤ ਕਲੋਨੀ ਵਾਸੀ

-ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਣ-ਅਧਿਕਾਰਤ ਕਾਲੋਨੀ ਦੇ ਵਾਸੀ
-ਲੋਕਾਂ ਪਾਸੋਂ ਮੋਟੀਆਂ ਰਕਮਾ ਲੈ ਕੇ ਵਿਦੇਸ਼ ’ਚ ਘੁੰਮ ਰਿਹਾ ਕੋਲੋਨਾਈਜ਼ਰ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਕਈ ਥਾਵਾਂ ’ਤੇ ਕਈ ਏਕੜਾਂ ਵਿਚ ਅਣ-ਅਧਿਕਾਰਤ ਕਲੋਨੀਆਂ ਆਪਣੇ ਪੈਰ ਪਸਾਰ ਰਹੀਆਂ ਹਨ। ਇਨ੍ਹਾਂ ਕਾਲੋਨੀਆਂ ਨੂੰ ਕੱਟਣ ਵਾਲੇ ਕੋਲੋਨਾਈਜ਼ਰ ਮਾਲਾਮਾਲ ਹੋ ਰਹੇ ਹਨ, ਪਰ ਨਗਰ ਨਿਗਮ ਵੱਲੋਂ ਉਚਿਤ ਸਮੇਂ ’ਤੇ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਕੱਟਣ ਵਾਲੇ ਕੋਲੋਨਾਈਜ਼ਰਾਂ ਖਿਲਾਫ਼ ਕਾਰਵਾਈ ਨਾ ਕਰਨ ਕਰਕੇ ਇਸ ਦਾ ਖਮਿਆਜ਼ਾ ਇਥੇ ਰਹਿਣ ਵਾਲੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਜਦੋਂ ਇਹ ਕੋਲੋਨਾਈਜ਼ਰ ਪਲਾਟ ਸੇਲ ਕਰਦੇ ਹਨ ਤਾਂ ਪਲਾਟ ਦੀ ਖਰੀਦ ਕਰਨ ਵਾਲੇ ਵਿਅਕਤੀ ਨੂੰ ਸੀਵਰੇਜ, ਪਾਣੀ, ਸੜਕਾਂ, ਬਿਜਲੀ, ਪਾਰਕਾਂ ਆਦਿ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ ਪਰ ਜਦੋਂ ਪਲਾਟ ਵਿਕ ਜਾਂਦੇ ਹਨ ਤਾਂ ਇਹ ਕੋਲੋਨਾਈਜ਼ਰ ਮੋਟੀਆਂ ਰਕਮਾਂ ਵਸੂਲ ਕੇ ਰਫੂਚੱਕਰ ਹੋ ਜਾਂਦੇ ਹਨ ਤੇ ਇਨ੍ਹਾਂ ਪਾਸੋਂ ਪਲਾਟ ਖਰੀਦਣ ਵਾਲੇ ਲੋਕਾਂ ਦਾ ਪੱਲੇ ਸਿਵਾਏ ਖੱਜਲ-ਖਰਾਬੀ ਤੋਂ ਹੋਰ ਕੁਝ ਨਹੀਂ ਪੈਂਦਾ।
--ਸਾਬਕਾ ਕੌਂਸਲਰ ਦੇ ਬੀਜੇ ਕੰਢੇ, ਸਜ਼ਾ ਭੁਗਤ ਰਹੇ ਲੋਕ
ਸ਼ਹਿਰ ਦੇ ਮੁਹੱਲਾ ਸੰਤਪੁਰਾ ਦੇ ਨਜ਼ਦੀਕ ਪਿੰਡ ਭਗਤਪੁਰ ਨੂੰ ਜਾਂਦੀ ਸੜਕ ਦੇ ਸੱਜੇ ਪਾਸੇ ਕੁਝ ਸਾਲ ਪਹਿਲਾਂ ਇਕ ਸਾਬਕਾ ਕੌਂਸਲਰ ਵੱਲੋਂ ਨਜ਼ੂਲਲੈਂਡ ਦੇ ਰਕਬੇ ਉੱਪਰ ਕਾਲੋਨੀ ਕੱਟ ਕੇ ਕਬਜ਼ੇ ਦੇ ਆਧਾਰ ’ਤੇ ਲੋਕਾਂ ਨੂੰ ਪਲਾਟ ਵੇਚ ਦਿੱਤੇ ਗਏ, ਕਿਉਂਕਿ ਸਰਕਾਰੀ ਹਦਾਇਤਾਂ ਦੇ ਮੁਤਾਬਕ ਨਜ਼ੂਲਲੈਂਡ ਦੇ ਰਕਬੇ ਦੀ ਰਜਿਸਟਰੀ ਨਹੀਂ ਹੋ ਸਕਦੀ। ਆਪਣੇ ਖੂਨ-ਪਸੀਨੇ ਦੀ ਕਮਾਈ ਦਾ ਇਕ-ਇਕ ਪੈਸਾ ਜੋੜ ਕੇ ਆਪਣਾ ਆਸ਼ੀਆਨਾ ਬਨਾਉਣ ਲਈ ਇਸ ਕਾਲੋਨੀ ਵਿਚ ਪਲਾਟ ਖਰੀਦਣ ਵਾਲੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਕਿਉਂਕਿ ਕਲੋਨੀ ਵਿਚ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਹੈ। ਇਨ੍ਹਾਂ ਵਿਚ ਉਹ ਲੋਕ ਹਨ ਜੋ ਬਹੁਤ ਹੀ ਮੱਧਵਰਗੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਉਹ ਆਪਣੇ ਖਰਚੇ ’ਤੇ ਵੀ ਹੁਣ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਨਹੀਂ ਕਰ ਸਕਦੇ। ਕਈ ਏਕੜਾਂ ਵਿਚ ਕਾਲੋਨੀ ਕੱਟਣ ਵਾਲਾ ਸਾਬਕਾ ਕੌਂਸਲਰ ਮੋਟੀ ਰਕਮ ਵਸੂਲ ਕੇ ਆਪ ਤਾਂ ਵਿਦੇਸ਼ੀ ਧਰਤੀ ’ਤੇ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਇਨ੍ਹਾਂ ਲੋਕਾਂ ਲਈ ਕੰਢੇ ਬੀਜ ਗਿਆ ਹੈ, ਜਿਸ ਦੀ ਸਜ਼ਾ ਲੋਕ ਭੁਗਤ ਰਹੇ ਹਨ। ਕਾਲੋਨੀ ਵਾਸੀਆਂ ਨੇ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਕਿ ਉਕਤ ਸਾਬਕਾ ਕੌਂਸਲਰ (ਕੋਲੋਨਾਈਜ਼ਰ) ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਸੀਵਰੇਜ ਦਾ ਕੋਈ ਪ੍ਰਬੰਧ ਨਹੀਂ :
ਇਸ ਕਾਲੋਨੀ ਵਿਚ ਸੀਵਰੇਜ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਤੇ ਖਾਲੀ ਪਲਾਟਾਂ ਵਿਚ ਫੈਲ ਜਾਂਦਾ ਹੈ। ਸੀਵਰੇਜ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ ਜਾਂ ਬੰਦ ਹੋ ਚੁੱਕਾ ਹੈ, ਜਿਸਦੇ ਚੱਲਦੇ ਸੀਵਰੇਜ ਦਾ ਇਹ ਬਦਬੂਦਾਰ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਕਈ ਜਗ੍ਹਾ ’ਤੇ ਤਾਂ ਇਹ ਪੀਣ ਵਾਲੇ ਪਾਣੀ ਵਿਚ ਵੀ ਮਿਕਸ ਹੋ ਜਾਂਦਾ ਹੈ, ਜਿਸਦੇ ਚੱਲਦੇ ਕਾਲੋਨੀ ਵਾਸੀ ਤੇ ਉਨ੍ਹਾਂ ਦੇ ਬੱਚੇ ਕਈ ਵਾਰ ਬਿਮਾਰ ਵੀ ਹੋ ਚੁੱਕੇ ਹਨ।
--ਕਈ ਥਾਵਾਂ ’ਤੇ ਨਹੀਂ ਬਿਜਲੀ ਦਾ ਪ੍ਰਬੰਧ :
ਇਸ ਕਾਲੋਨੀ ਦੇ ਨਾਲ ਹੀ ਇਸ ਸਾਬਕਾ ਕੌਂਸਲਰ ਤੋਂ ਇਲਾਵਾ ਕੁਝ ਹੋਰ ਲੋਕਾਂ ਨੇ ਵੀ ਕਾਲੋਨੀ ਕੱਟੀ ਹੈ, ਜਿਸ ਵਿਚ ਜਿਥੇ ਇਸ ਨਜ਼ੂਲਲੈਂਡ ਵਾਲੇ ਰਕਬੇ ਤੇ ਹੋਰ ਰਕਬੇ ਵਿਚ ਵੀ ਲੋਕਾਂ ਵੱਲੋਂ ਬਿਜਲੀ ਦਾ ਪ੍ਰਬੰਧ ਨਾ ਹੋਣ ਕਰਕੇ ਆਪਣੇ ਖਰਚੇ ’ਤੇ ਲੋਹੇ ਦੇ ਖੰਬੇ ਲਗਾ ਕੇ ਕੇਬਲ ਤਾਰਾਂ ਪੁਆਈਆਂ ਹਨ। ਇਹ ਲੋਹੇ ਦੇ ਖੰਬੇ ਕਿਸੇ ਸਮੇਂ ਵੀ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਲੋਹੇ ਦੇ ਖੰਬਿਆਂ ਦੀ ਜਗ੍ਹਾ ਬਿਜਲੀ ਦੇ ਕੰਕਰੀਟ ਦੇ ਖੰਭੇ ਲਗਾਏ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰ ਸਕੇ।
--ਅਣ-ਅਧਿਕਾਰਤ ਕਾਲੋਨੀ ਸਬੰਧੀ ਲੋਕਾਂ ਨੇ ਲਗਾਏ ਬੋਰਡ
ਕਾਲੋਨੀ ਵਿਚ ਪਲਾਟਾਂ ਦੀ ਖਰੀਦ ਕਰਨ ਵਾਲੇ ਲੋਕਾਂ ਵੱਲੋਂ ਗਲੀਆਂ ਵਿਚ ਆਪਣੇ ਮਕਾਨਾਂ ਦੀਆਂ ਕੰਧਾਂ ’ਤੇ ਬੋਰਡ ਲਗਾਏ ਗਏ ਹਨ ਜਿਨ੍ਹਾਂ ’ਤੇ ਸਾਫ਼ ਤੌਰ ’ਤੇ ਲਿਖਿਆ ਹੈ ਕਿ ਇਹ ਕਲੋਨੀ ਨਗਰ ਨਿਗਮ ਕਪੂਰਥਲਾ ਤੋਂ ਮਨਜ਼ੂਰਸ਼ੁਦਾ ਨਹੀਂ ਹੈ ਤੇ ਮਨਜ਼ੂਰਸ਼ੁਦਾ ਨਾ ਹੋਣ ਕਰਕੇ ਇਸ ਕਲੋਨੀ ਵਿਚ ਸੀਵਰੇਜ, ਪਾਣੀ, ਬਿਜਲੀ, ਸੜਕਾਂ ਦੀ ਸਹੂਲਤ ਨਹੀਂ ਹੈ, ਇਸ ਸਬੰਧੀ ਨਗਰ ਨਿਗਮ ਕਪੂਰਥਲਾ ਤੋਂ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਜਦੋਂ ਕਾਲੋਨੀ ਵਿਚ ਰਹਿੰਦੇ ਲੋਕਾਂ ਪਾਸੋਂ ਇਨ੍ਹਾਂ ਬੋਰਡਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਵਾਂਗ ਝਾਂਸੇ ਵਿਚ ਆ ਕੇ ਆਪਣੇ ਖੂਨ-ਪਸੀਨੇ ਦੀ ਕਮਾਈ ਇਸ ਕਲੋਨੀ ਵਿਚ ਪਲਾਟ ਲੈ ਕੇ ਖਰਾਬ ਕਰੇ।
--ਅਣ-ਅਧਿਕਾਰਤ ਕਾਲੋਨੀ ਹੋਣ ਕਰਕੇ ਨਹੀਂ ਸੁਣਦੇ ਨਗਰ ਨਿਗਮ ਦੇ ਕਰਮਚਾਰੀ
ਕਾਲੋਨੀ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਸੀਵਰੇਜ, ਪਾਣੀ, ਸੜਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸੰਪਰਕ ਕਰ ਚੁੱਕੇ ਹਨ ਪਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਲੋਨੀ ਅਣ-ਅਧਿਕਾਰਤ ਹੈ, ਇਸ ਲਈ ਇਥੇ ਉਕਤ ਸਹੂਲਤਾਂ ਵਿਚੋਂ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਸਕਦੀ।
--ਇਸ ਤਰ੍ਹਾਂ ਦੇ ਕੋਲੋਨਾਈਜ਼ਰਾਂ ਨੂੰ ਕੀਤੇ ਜਾਣਗੇ ਨੋਟਿਸ ਜਾਰੀ : ਕਮਿਸ਼ਨਰ
ਜਦੋਂ ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ ਤੇ ਇਸ ਤਰ੍ਹਾਂ ਦੇ ਕੋਲੋਨਾਈਜ਼ਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।