ਲਾਇਲਪੁਰ ਖ਼ਾਲਸਾ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਮਿਲੀ ਸਕਾਲਰਸ਼ਿਪ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਦੋ ਵਿਦਿਆਰਥੀਆਂ ਨੂੰ ਮਿਲੀ ਜਸਵੰਤ ਸਿੰਘ ਰਾਏ ਸਕਾਲਰਸ਼ਿਪ
Publish Date: Thu, 02 Apr 2026 06:56 PM (IST)
Updated Date: Thu, 02 Apr 2026 06:58 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੀਸੀਏ ਛੇਵੇਂ ਸਮੈਸਟਰ ਦੇ ਦੋ ਹੋਣਹਾਰ ਵਿਦਿਆਰਥੀ ਸੁਧਾਂਸ਼ੂ ਪ੍ਰਭਾਕਰ ਤੇ ਵਰਨਪ੍ਰੀਤ ਕੌਰ ਨੂੰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ ਵੱਲੋਂ ਭੇਜੀ ਗਈ 20,000 ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਹੋਈ। ਜਸਵੰਤ ਸਿੰਘ ਰਾਏ ਟਰੱਸਟ ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਰਾਏ ਵੱਲੋਂ ਭੇਜੀ ਇਹ ਰਕਮ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੋਵਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ। ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਨੇ ਜਸਵੰਤ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਾਲਜ ਦੀ ਗਵਰਨਿੰਗ ਕੌਂਸਲ ਲੋੜਵੰਦ ਤੇ ਅਕਾਦਮਿਕ ਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਕਾਲਰਸ਼ਿਪ ਦਿੰਦੀ ਹੈ ਤੇ ਇਸ ਵਿਚ ਹੋਰ ਵਾਧਾ ਕਰਦਿਆਂ ਪਿਛਲੇ ਤਿੰਨ ਸਾਲਾਂ ਤੋਂ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ ਵੱਲੋਂ ਵੀ ਕਾਲਜ ਨੂੰ ਦੋ ਸਕਾਲਰਸ਼ਿਪ ਦਿੱਤੀਆਂ ਜਾ ਰਹੀਆਂ ਹਨ। ਡਾ. ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਉੱਜਵਲ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਕੇ ਦੂਜੇ ਵਿਦਿਆਰਥੀਆਂ ਲਈ ਮਿਸਾਲ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਦੋਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਸਦਾ ਹੀ ਮਿਹਨਤੀ ਤੇ ਯੋਗ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਤੇ ਕਾਲਜ ਸੁਪਰਡੈਂਟ ਮਹਿਕ ਮਲਹੋਤਰਾ ਵੀ ਹਾਜ਼ਰ ਸਨ।