ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਦੋ ਖਿਡਾਰੀ ਭਾਰਤੀ ਫੌਜ ’ਚ ਭਰਤੀ
ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਦੋ ਖਿਡਾਰੀ ਭਾਰਤੀ ਫੌਜ ਵਿੱਚ ਭਰਤੀ
Publish Date: Thu, 11 Jun 2026 07:19 PM (IST)
Updated Date: Thu, 11 Jun 2026 07:20 PM (IST)
ਵਾਟਰ ਸਪੋਰਟਸ ਰਾਹੀਂ ਨੌਜਵਾਨਾਂ ਨੂੰ ਮਿਲ ਰਹੇ ਰੋਜ਼ਗਾਰ ਤੇ ਦੇਸ਼ ਸੇਵਾ ਦੇ ਮੌਕੇ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਸਾਲ 2014 ਤੋਂ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨੇ ਇਕ ਹੋਰ ਮਾਣਮੱਤੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਸੈਂਟਰ ਦੇ ਦੋ ਨੌਜਵਾਨ ਖਿਡਾਰੀ ਰੋਹਿਤਪ੍ਰੀਤ ਸਿੰਘ ਪੰਜਾਬ ਬਟਾਲੀਅਨ ਤੇ ਹਰਸ਼ਦੀਪ ਸਿੰਘ ਸਿੱਖ ਰੈਜੀਮੈਂਟ ਭਾਰਤੀ ਫੌਜ ਵਿਚ ਭਰਤੀ ਹੋਣ ਉਪਰੰਤ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਪੁੱਜੇ, ਜਿਥੇ ਉਨ੍ਹਾਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਾਸੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੋਵਾਂ ਨੌਜਵਾਨਾਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਾਣੀਆਂ ਦੀ ਧਰਤੀ ਹੈ ਪਰ ਵਾਟਰ ਸਪੋਰਟਸ ਨੂੰ ਇਥੇ ਬਣਦਾ ਮਾਣ ਨਹੀਂ ਮਿਲ ਸਕਿਆ। ਇਸ ਘਾਟ ਨੂੰ ਪੂਰਾ ਕਰਨ ਲਈ ਸਾਲ 2014 ਵਿਚ ਪਵਿੱਤਰ ਵੇਈਂ ਦੇ ਕਿਨਾਰੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਸਥਾਪਨਾ ਕੀਤੀ ਗਈ, ਜਿਥੇ ਤੈਰਾਕੀ, ਕਨੋਇੰਗ, ਕਾਇਆਕਿੰਗ ਤੇ ਡਰੈਗਨ ਬੋਟ ਵਰਗੀਆਂ ਖੇਡਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਇਸ ਸੈਂਟਰ ਵਿਚ 80 ਤੋਂ ਵੱਧ ਲੜਕੇ ਤੇ ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੇ ਹਨ ਤੇ ਕਈ ਨੌਜਵਾਨ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਸਰਕਾਰੀ ਨੌਕਰੀਆਂ ਤੇ ਸਕਾਲਰਸ਼ਿਪਾਂ ਹਾਸਲ ਕਰ ਰਹੇ ਹਨ। ਰੋਹਿਤਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤੀ ਫੌਜ ਵਿਚ ਭਰਤੀ ਹੋਣਾ ਉਸ ਦਾ ਬਚਪਨ ਦਾ ਸੁਪਨਾ ਸੀ। ਉਸ ਨੇ ਦੱਸਿਆ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਚ ਕੀਤੀ ਸਿਖਲਾਈ ਨੇ ਉਸ ਦੀ ਸਰੀਰਕ ਤੇ ਮਾਨਸਿਕ ਤਿਆਰੀ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਹਰਸ਼ਦੀਪ ਸਿੰਘ ਨੇ ਕਿਹਾ ਕਿ ਫੌਜ ਵਿਚ ਭਰਤੀ ਹੋਣਾ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਸੀ, ਜੋ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਸਿਖਲਾਈ ਸਦਕਾ ਸਾਕਾਰ ਹੋਇਆ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਜੁੜ ਕੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਉਣ।
ਸੰਤ ਸੀਚੇਵਾਲ ਨੇ ਕੋਚ ਅਮਨਦੀਪ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਰੰਤਰ ਮਿਹਨਤ ਸਦਕਾ ਪਿੰਡਾਂ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਵੱਡੇ ਮੌਕੇ ਮਿਲ ਰਹੇ ਹਨ।
ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿਚੋਂ ਅਭਿਆਸ ਕਰਕੇ ਹੁਣ ਤੱਕ 30 ਦੇ ਕਰੀਬ ਨੌਜਵਾਨ ਇਸ ਖੇਡ ਰਾਹੀਂ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਕੋਚ ਵਰਿੰਦਰ ਸਿੰਘ, ਜਰਨੈਲ ਸਿੰਘ, ਅਮੋਲਪ੍ਰੀਤ ਸਿੰਘ, ਹਰਵਿੰਦਰ ਸਿੰਘ ਅਤੇ ਸੈਂਟਰ ਦੇ ਖਿਡਾਰੀ ਮੌਜੂਦ ਰਹੇ।