ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ
ਹਦੀਆਬਾਦ ਚੌਕ ਦੇ ਨਜਦੀਕ ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਸਿੱਧੀ ਟੱਕਰ
Publish Date: Thu, 12 Mar 2026 06:59 PM (IST)
Updated Date: Thu, 12 Mar 2026 07:00 PM (IST)
ਚਾਲਕਾਂ ਦਾ ਹੋਇਆ ਵਾਲ-ਵਾਲ ਬਚਾਅ, ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ-ਨਕੋਦਰ ਰੋਡ ’ਤੇ ਹਦੀਆਬਾਦ ਚੌਕ ਦੇ ਨਜ਼ਦੀਕ ਅੱਜ ਸਵੇਰੇ ਕਰੀਬ 8.30 ਵਜੇ ਦੋ ਕਾਰਾਂ ਦੀ ਸਿੱਧੀ ਟੱਕਰ ਵਿਚ ਦੋਵੇਂ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ ਪਰ ਗਨੀਮਤ ਰਹੀ ਕਿ ਕਾਰ ਸਵਾਰਾਂ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਈ-20 ਕਾਰ ਨੰਬਰ ਪੀਬੀ 08 ਐੱਫਐੱਸ 2617 ਜੋ ਕਿ ਫਗਵਾੜਾ ਤੋਂ ਨਕੋਦਰ ਸਾਈਡ ਨੂੰ ਜਾ ਰਹੀ ਸੀ ਤੇ ਫਾਰਚੂਨਰ ਕਾਰ ਨੰਬਰ ਪੀਬੀ 36 ਐੱਫ 0046 ਨਕੋਦਰ ਰੋਡ ਤੋਂ ਫਗਵਾੜਾ ਵੱਲ ਨੂੰ ਆ ਰਹੀ ਸੀ। ਜਦੋਂ ਦੋਵੇਂ ਗੱਡੀਆਂ ਹਦੀਆਬਾਦ ਚੌਕ ਦੇ ਨਜ਼ਦੀਕ ਪਹੁੰਚੀਆਂ ਤਾਂ ਆਪਸ ਵਿਚ ਸਿੱਧੀ ਟੱਕਰ ਹੋ ਗਈ। ਦੱਸਿਆ ਜਾਂਦਾ ਹੈ ਕਿ ਫਾਰਚੂਨਰ ਕਾਰ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਕਈ ਘੰਟੇ ਬਾਅਦ ਤੱਕ ਹਾਦਸਾਗ੍ਰਸਤ ਫਾਰਚੂਨਰ ਕਾਰ ਦੀ ਫਰੰਟ ਸਾਈਡ ਸੜਕ ਦੇ ਵਿਚਕਾਰ ਆਵਾਜਾਈ ਵਿਚ ਰੁਕਾਵਟ ਹੀ ਨਹੀਂ ਬਣੀ ਰਹੀ, ਬਲਕਿ ਕਿਸੇ ਹੋਰ ਭਿਆਨਕ ਹਾਦਸੇ ਨੂੰ ਵੀ ਸੱਦਾ ਦੇ ਰਹੀ ਸੀ। ਜਦੋਂ ਇਸ ਬਾਰੇ ਨਜ਼ਦੀਕ ਹੀ ਸਥਿਤ ਥਾਣਾ ਸਤਨਾਮਪੁਰਾ ਦੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਪੁਲਿਸ ਨੂੰ ਕੋਈ ਇਤਲਾਹ ਨਹੀਂ ਮਿਲੀ ਹੈ।