ਚੋਰੀ ਦੇ ਮਾਮਲੇ ’ਚ ਦੋ ’ਤੇ ਮਾਮਲਾ ਦਰਜ
ਚੋਰੀ ਦੇ ਮਾਮਲੇ ਚ ਦੋ ਤੇ ਮਾਮਲਾ ਦਰਜ
Publish Date: Tue, 24 Mar 2026 08:25 PM (IST)
Updated Date: Tue, 24 Mar 2026 08:28 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਚੋਰੀ ਦੇ ਮਾਮਲੇ ’ਚ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੋਢੀ ਸਿੰਘ ਪੁੱਤਰ ਲੇਟ ਨਿਰੰਜਨ ਸਿੰਘ ਵਾਸੀ ਸ਼ਿਵ ਮੰਦਿਰ ਖਲਵਾੜਾ ਗੇਟ ਫਗਵਾੜਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਤੇ ਖੇਤੀਬਾੜੀ ਨਾਲ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਰਮਾਰ ਨਗਰ ਖਲਵਾੜਾ ਜੋ ਇੰਗਲੈਂਡ ’ਚ ਰਹਿੰਦੇ ਹਨ, ਦੇ ਖੇਤ ਤੇ ਬੰਦ ਪਈ ਕੋਠੀ ਦੀ ਦੇਖਰੇਖ ਕਰਦਾ ਹੈ। 23 ਮਾਰਚ ਨੂੰ ਸਵੇਰੇ 4 ਵਜੇ ਉਹ ਖੇਤ ਵਿਚ ਕੰਮ ਕਰਦਾ ਸੀ ਤਾਂ ਗੁਰਮੀਤ ਸਿੰਘ ਦੀ ਕੋਠੀ ਦੇ ਅੰਦਰੋਂ ਖੜਾਕ ਸੁਣਿਆ, ਜਿਸ ’ਤੇ ਉਹ ਲੜਕੇ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ ਕੋਠੀ ਕੋਲ ਗਿਆ ਤਾਂ ਦੇਖਿਆ ਕੋਠੀ ਦੇ ਅੰਦਰ ਦੋ ਨੌਜਵਾਨ ਸਨ, ਜਿਨਾਂ ਦੇ ਹੱਥ ਵਿਚ ਕੋਠੀ ਵਿਚੋਂ ਚੋਰੀ ਕੀਤੇ ਸਮਾਨ ਬੋਰੇ ਵਿਚ ਪਾਏ ਹੋਏ ਸਨ। ਉਹ ਕੰਧ ਟੱਪਣ ਦੀ ਫਿਰਾਕ ਵਿਚ ਸਨ। ਬੋਰੇ ਵਿਚ ਐਲਮੁਨੀਅਮ ਦੀਆਂ ਚੁਗਾਠਾਂ ਭੰਨ ਕੇ ਪਾਈਆਂ ਹੋਈਆਂ ਸਨ। ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਨੌਜਵਾਨਾਂ ਨੇ ਆਪਣਾ ਨਾਮ ਸੂਰਜ ਪਾਸਵਾਨ ਪੁੱਤਰ ਦਿਮਗਰ ਪਾਸਵਾਨ ਵਾਸੀ ਮਕਬੂਜਪੁਰਾ ਬਸੰਤ ਨਗਰ ਤੇ ਸਰਬ ਪੁੱਤਰ ਹਰਦੀਪ ਕੁਮਾਰ ਵਾਸੀ ਹਦੀਆਬਾਦ ਕੇਸੀ ਆਟਾ ਚੱਕੀ ਫਗਵਾੜਾ ਦੱਸਿਆ। ਦੋਵੇਂ ਮੁਲਜ਼ਮਾਂ ਨੂੰ ਥਾਣਾ ਸਦਰ ਪੁਲਿਸ ਦੇ ਹਵਾਲੇ ਕੀਤਾ ਗਿਆ, ਜਿਥੇ ਉਨ੍ਹਾਂ ਦੋਵਾਂ ’ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।