ਦਸਤਾਰ ਨਾਲ ਹੈ ਸਿੱਖਾਂ ਦੀ ਨਿਵੇਕਲੀ ਪਛਾਣ : ਸੋਹਲ ਯੂਕੇ
ਯੂ ਕੇ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਦਿੱਤੀ ਜਾਵੇਗੀ ਦਸਤਾਰ ਬੰਨ੍ਹਣ ਦੀ ਸਿਖਲਾਈ
Publish Date: Mon, 20 Apr 2026 06:52 PM (IST)
Updated Date: Mon, 20 Apr 2026 06:54 PM (IST)

ਯੂਕੇ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਦਿੱਤੀ ਜਾਵੇਗੀ ਦਸਤਾਰ ਬੰਨ੍ਹਣ ਦੀ ਸਿਖਲਾਈ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਪੰਜਾਬ ਵਿਚ ਲੋਕ ਹਿਤ ਦੇ ਕਾਰਜ ਕਰਨ ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣ ਕਰਕੇ ਚਰਚਾ ਵਿਚ ਰਹਿਣ ਵਾਲੇ ਉੱਘੇ ਸਮਾਜ ਸੇਵੀ ਫਤਿਹ ਸਿੰਘ ਸੋਹਲ ਯੂਕੇ ਤੇ ਤੇਜਪਾਲ ਸਿੰਘ ਦੁਲੇ ਤੇ ਹਰਦੀਪ ਸਿੰਘ ਮਾਨ ਵੱਲੋਂ ਇੰਗਲੈਂਡ ਦੀ ਧਰਤੀ ’ਤੇ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਪੰਜਾਬੀ ਤੇ ਸਿੱਖ ਧਰਮ ਦੀ ਪਹਿਚਾਣ ਗੁਰੂ ਦੀ ਬਖਸ਼ਿਸ਼ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਫਤਿਹ ਸਿੰਘ ਸੋਹਲ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਤੇ ਦਸਤਾਰ ਦੀ ਮਹੱਤਤਾ ਨਾਲ ਜੋੜਨ ਦੇ ਮਕਸਦ ਨਾਲ ਗੁਰਦੁਆਰਾ ਸਾਹਿਬ ਲਮਿੰਗਟਨ ਤੇ ਵਾਰਵਿਕ ਦੇ ਸਮੂਹ ਪ੍ਰਬੰਧਕਾਂ ਦੀ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਤੇ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਸ਼ਾਮ 4:00 ਵਜੇ ਤੋਂ 6:00 ਤੱਕ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਕਲਾਸਾਂ ਗੁਰਦੁਆਰਾ ਸਾਹਿਬ ਦੀ (ਉਪਰਲੀ ਮੰਜ਼ਿਲ) ਤੇ ਸਾਹਮਣੇ ਵਾਲੇ ਕਮਰੇ ਦੇ ਟੌਪ ਫਲੋਰ ਹਾਲ ਨੰਬਰ 2 ਦੇ ਵਿਚ ਹੋਣਗੀਆਂ ਤੇ ਇਹ ਸੇਵਾ ਬਿਲਕੁੱਲ ਮੁਫਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਇਕ ਨੌਜਵਾਨ ਤੇ ਬੱਚੇ ਨੂੰ ਗੁਰੂ ਦੀ ਬਖਸ਼ਿਸ਼ ਦਸਤਾਰ ਸਜਾਉਣੀ ਚਾਹੀਦੀ, ਇਸ ਨਾਲ ਦੁਨੀਆ ’ਚ ਪੰਜਾਬੀਆਂ ਤੇ ਸਿੱਖਾਂ ਦੀ ਨਿਵੇਕਲੀ ਪਛਾਣ ਦਿਸਦੀ ਹੈ। ਸੋਹਲ ਨੇ ਕਿਹਾ ਕਿ ਦਸਤਾਰ ਸਿੱਖਣ ਵਾਲੇ ਆਪਣੀ ਦਸਤਾਰ ਦਾ ਕੱਪੜਾ ਨਾਲ ਲੈ ਕੇ ਆਉਣ ਤੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਜਾਂ ਤੇਜਪਾਲ ਸਿੰਘ ਦੁਲੇ, ਹਰਦੀਪ ਸਿੰਘ ਮਾਨ ਨਾਲ ਸੰਪਰਕ ਕਰ ਸਕਦੇ ਹਨ। ਗੁਰਦੁਆਰਾ ਕਮੇਟੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਇਨ੍ਹਾਂ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਦਸਤਾਰ ਸਜਾਉਣ ਦੀ ਕਲਾ ਵਿਚ ਨਿਪੁੰਨ ਹੋ ਸਕਣ।