ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਨਿਰੰਤਰ ਚੱਲ ਰਹੇ
ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਨਿਰੰਤਰ ਚੱਲ ਰਹੇ
Publish Date: Thu, 09 Apr 2026 08:19 PM (IST)
Updated Date: Thu, 09 Apr 2026 08:23 PM (IST)

ਵਿਸਾਖੀ ਦਿਹਾੜੇ ਮੌਕੇ ਬੇਰ ਸਾਹਿਬ ਵਿਖੇ ਹੋਣਗੇ ਫ਼ਾਈਨਲ ਮੁਕਾਬਲੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਹਿਮਤ ਐੱਨਜੀਓ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਰਜਿ. ਵੱਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿਚ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ/ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੀ ਵਿਰਾਸਤ ਨਾਲ ਜੋੜਨਾ ਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ-ਦੁਮਾਲਾ ਮੁਕਾਬਲੇ ਪਿਛਲੇ ਦਿਨਾਂ ਤੋਂ ਨਿਰੰਤਰ ਚੱਲ ਰਹੇ ਹਨ ਅਤੇ ਇਸੇ ਤਹਿਤ 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਾਈਨਲ ਮੁਕਾਬਲੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁਭ ਦਿਹਾੜੇ ਮੌਕੇ ‘ਤੇ 14 ਅਪ੍ਰੈਲ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣਗੇ। ਸਵੇਰੇ 10 ਤੋਂ 11 ਵਜੇ ਤੱਕ ਨਵੇਂ ਪ੍ਰਤੀਯੋਗੀਆਂ ਲਈ ਮੁਕਾਬਲੇ ਹੋਣਗੇ, ਜਦਕਿ 12 ਤੋਂ 1 ਵਜੇ ਤੱਕ ਫ਼ਾਈਨਲ ਮੁਕਾਬਲੇ ਕਰਵਾਏ ਜਾਣਗੇ। ਦਸਤਾਰ ਤੇ ਦੁਮਾਲਾ ਮੁਕਾਬਲਿਆਂ ਲਈ ਇਨਾਮੀ ਰਾਸ਼ੀ ਵਿਚ 0 ਤੋਂ 13 ਸਾਲ ਦੀ ਉਮਰ ਵਰਗ ਲਈ 3100, 2100 ਅਤੇ 1100 ਰੁਪਏ ਦੇ ਇਨਾਮ ਹਨ, ਜਦਕਿ ਓਪਨ ਵਰਗ ਲਈ 7100, 5100 ਅਤੇ 2100 ਰੁਪਏ ਰੱਖੇ ਗਏ ਹਨ। ਦੁਮਾਲਾ ਸਜਾਉਣ ਦੇ ਓਪਨ ਮੁਕਾਬਲੇ ਵਿਚ ਲੜਕਿਆਂ ਤੇ ਲੜਕੀਆਂ ਦੋਹਾਂ ਲਈ 7100, 5100 ਅਤੇ 3100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਸੁਖਵਿੰਦਰ ਸਿੰਘ ਹਾਜੀਪੁਰ ਤੇ ਕੁਲਦੀਪ ਸਿੰਘ ਡਿਪਟੀ ਨੇ ਇਲਾਕੇ ਭਰ ਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਤਾਂ ਜੋ ਆਪਣੇ ਵਿਰਸੇ ਨਾਲ ਜੁੜ ਸਕੀਏ।