ਮਜੀਠੀਆ ਦੀ ਰਿਹਾਈ ਨਾਲ ਸੱਚ ਦੀ ਹੋਈ ਜਿੱਤ : ਅਕਾਲੀ ਆਗੂ
ਬਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਨਾਲ ਸੱਚ ਦੀ ਹੋਈ ਜਿੱਤ ਅਕਾਲੀ ਆਗੂ
Publish Date: Tue, 03 Feb 2026 08:31 PM (IST)
Updated Date: Tue, 03 Feb 2026 08:35 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਰਿਹਾਈ ਹੁੰਦੇ ਸਾਰ ਆਮ ਆਦਮੀ ਪਾਰਟੀ ’ਤੇ ਜੰਮ੍ਹ ਕੇ ਭੜਾਸ ਕੱਢੀ। ਉਨ੍ਹਾਂ ਮੁੱਖ ਮੰਤਰੀ ਨੂੰ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਆਖ ਦਿੱਤਾ ਕਿ ਮੈਂ ਤਾਂ ਤਰੀ ਵਾਲੇ ਬੈਂਗਣ ਖਾ ਕੇ ਗੁਜ਼ਾਰਾ ਕਰ ਲਿਆ ਪਰ ਜਦੋਂ ਤੇਰੀ ਵਾਰੀ ਆਈ ਤਾਂ ਤੈਥੋਂ ਇਕ ਦਿਨ ਵੀ ਜੇਲ ਅੰਦਰ ਰਹਿਣਾ ਮੁਸ਼ਕਿਲ ਹੋ ਜਾਵੇਗਾ। ਵਿੱਤ ਮੰਤਰੀ ’ਤੇ ਤੰਜ਼ ਕਸਦਿਆਂ ਉਨ੍ਹਾਂ ਕਿਹਾ ਕਿ ਹੁਣ ਜਾਂ ਤੇ ਜੇਲਾਂ ਵਿਚ ਵੀ ਸ਼ਰਾਬ ਦੇ ਠੇਕੇ ਅਲਾਟ ਕਰਵਾ ਦਿੱਤੇ ਜਾਣ ਨਹੀਂ ਤੇ ਉਨ੍ਹਾਂ ਦੇ ਮੁੱਖ ਮੰਤਰੀ ਸਾਹਿਬ ਅੰਦਰ ਕਿਵੇਂ ਦਿਨ ਕੱਟਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਸੀਨੀਅਰ ਆਗੂਆਂ ਯੂਥ ਵਿੰਗ ਸੂਬਾ ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ ਕੁਲਾਰ, ਪਰਮਿੰਦਰ ਸਿੰਘ ਲਾਡੀ ਸ਼ੇਰਗਿਲ, ਸਤਵਿੰਦਰ ਸਿੰਘ ਘੁੰਮਣ,ਜਸਵਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੂੜ ਪ੍ਰਚਾਰ ਦੀ ਹਵਾ ਨਿਕਲ ਗਈ ਹੈ ਤੇ ਸੱਚ ਦੀ ਜਿੱਤ ਹੋਈ ਹੈ। ਮਜੀਠੀਆ ਦੀ ਰਿਹਾਈ ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਮੋੜ ਲੈ ਕੇ ਆਈ ਹੈ, ਜਿਸ ਨਾਲ ਸੂਬੇ ਦੀ ਸੱਤਾਧਾਰੀ ਪਾਰਟੀ ਦੀ ਨੀਅਤ ਤੇ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਿਚ ਮਜੀਠੀਆ ਦੀ ਰਿਹਾਈ ਤੋਂ ਬਾਅਦ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆ ਕੇ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਤੇ ਵਿਰੋਧੀਆਂ ਨੂੰ ਝੂਠੇ ਮਾਮਲਿਆਂ ਵਿਚ ਫਸਾ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਸੱਚ ਤੇ ਨਿਆਂ ਦੀ ਜਿੱਤ ਨੇ ਸਰਕਾਰ ਦੀ ਇਸ ਨੀਤੀ ਨੂੰ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਭਰਮਾਉਣ ਲਈ ਬਣਾਈ ਗਈ ਕਹਾਣੀ ਹੁਣ ਢਹਿ ਗਈ ਹੈ। ਲੋਕਾਂ ਵਿਚ ਇਹ ਸੰਦੇਸ਼ ਗਿਆ ਹੈ ਕਿ ਸੱਤਾ ਦੇ ਜ਼ੋਰ ਨਾਲ ਕਿਸੇ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾ ਸਕਦਾ। ਕਾਨੂੰਨ ਤੇ ਅਦਾਲਤ ਅਜੇ ਵੀ ਸੱਚ ਦੇ ਨਾਲ ਖੜ੍ਹੇ ਹਨ। ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੂੜ ਪ੍ਰਚਾਰ ਦਾ ਜਵਾਬ ਪੰਜਾਬ ਦੇ ਲੋਕ ਹੀ ਦੇਣਗੇ ਤੇ ਆਪਣੀ ਖੇਤਰੀ ਪਾਰਟੀ ਨੂੰ ਜਿਤਾ ਕੇ ਦਿੱਲੀ ਵਾਲਿਆਂ ਨੂੰ ਮੁੜ ਦਿੱਲੀ ਭੇਜਿਆ ਜਾਵੇਗਾ।