ਭਾਰਤੀ ਕਮਿਊਨਿਸਟ ਪਾਰਟੀ ਨਿਊ ਡੈਮੋਕ੍ਰੇਸੀ ਵੱਲੋ ਟਰੰਪ ਦਾ ਫੂਕਿਆ ਪੁਤਲਾ

ਈਰਾਨ ਆਗੂ ਖਾਮਨੇਈ ਤੇ ਸੈਂਕੜੇ ਲੋਕਾਂ ਦੇ ਕਤਲੇਆਮ ਕਾਰਨ ਕੀਤਾ ਰੋਸ ਪ੍ਰਦਰਸ਼ਨ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੌਕ ’ਤੇ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਮਲੇ ਦੇ ਵਿਰੋਧ ’ਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਤੇ ਅਮਰੀਕਾ-ਇਜ਼ਰਾਇਲ ਵੱਲੋਂ ਸਾਂਝੇ ਤੌਰ ’ਤੇ ਈਰਾਨ ਉੱਪਰ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਇਹ ਸਾਂਝਾ ਹਮਲਾ ਈਰਾਨ ਤੋਂ ਸੰਭਾਵੀ ਖਤਰੇ ਨੂੰ ਬਹਾਨਾ ਬਣਾ ਕੇ ਕੀਤਾ ਗਿਆ ਹੈ। ਅਮਰੀਕਾ ਵੱਲੋਂ ਇਸ ਹਮਲੇ ’ਚ ਈਰਾਨ ਦਾ ਸੁਪਰੀਮ ਲੀਡਰ ਆਇਤਉਲ੍ਹਾ ਅਲੀ ਖਾਮਨੇਈ, ਰੱਖਿਆ ਮੰਤਰੀ, ਰੈਵੋਲੂਸ਼ਨਰੀ ਗਾਰਡ, ਕਮਾਂਡਰ ਤੇ ਸੈਂਕੜੇ ਲੋਕ ਮਾਰੇ ਗਏ ਹਨ ਤੇ ਈਰਾਨ ਵਿਚ ਰਾਜ ਪਲਟਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਇਹ ਸਾਰੀ ਗੁੰਡਾਗਰਦੀ ਈਰਾਨ ਦੇ ਤੇਲ ਭੰਡਾਰਾਂ ਤੇ ਰੂਟਾਂ ਉੱਪਰ ਕਬਜ਼ਾ ਕਰਨ ਲਈ ਕਰ ਰਿਹਾ ਹੈ। ਅਮਰੀਕਾ ਸੰਸਾਰ ਚੌਧਰ ਮੁੜ ਸਥਾਪਿਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ ਧਮਕਾਉਣ, ਰਾਜ ਪਲਟੇ ਕਰਵਾਉਣ ਤੇ ਲੋਕਾਂ ਵੱਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗ੍ਰਿਫਤਾਰ ਕਰਨ ਦੀ ਮੁਹਿੰਮ ਵਿਚ ਜੁਟਿਆ ਹੋਇਆ ਹੈ। ਪਿਛਲੇ ਸਮੇਂ ਵਿਚ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਪਤਨੀ ਸਮੇਤ ਹੱਥਕੜੀਆਂ ਵਿਚ ਜਕੜ ਕੇ ਅਮਰੀਕਾ ਲਿਜਾਇਆ ਗਿਆ ਤੇ ਆਪਣੇ-ਆਪ ਨੂੰ ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਹੋਣ ਦਾ ਐਲਾਨ ਕਰਕੇ ਉਥੋਂ ਦੇ ਤੇਲ ਭੰਡਾਰ ਵੇਚਣ ਦਾ ਅਧਿਕਾਰ ਆਪਣੇ ਹੱਥ ਵਿਚ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਰਾਕ ’ਤੇ ਜਨਤਕ ਤਬਾਹੀ ਦੇ ਹਥਿਆਰ ਜਮ੍ਹਾਂ ਕਰਨ ਦਾ ਇਲਜ਼ਾਮ ਲਾ ਕੇ ਹਮਲਾ ਕੀਤਾ ਗਿਆ ਤੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫਾਂਸੀ ਲਾਇਆ ਗਿਆ। ਲੀਬੀਆ ਵਿਚ ਰਾਜ ਪਲਟਾ ਕਰਵਾ ਕੇ ਕਰਨਲ ਗੱਦਾਫੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਅਮਰੀਕਾ ਈਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਕਰ ਰਿਹਾ ਸੀ ਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਈਰਾਨ ਉੱਪਰ ਹਮਲਾ ਕਰਕੇ ਸੰਸਾਰ ਅਮਨ ਲਈ ਖਤਰਾ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੋਸ਼ ਮੜ੍ਹ ਰਿਹਾ ਕਿ ਈਰਾਨ ਅਜਿਹੀਆਂ ਮਿਜ਼ਾਇਲ ਪ੍ਰਣਾਲੀਆਂ ਤੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਸੀ, ਜਿਨ੍ਹਾਂ ਦੀ ਪਹੁੰਚ ਅਮਰੀਕਾ ਤੱਕ ਹੋ ਸਕਦੀ ਸੀ। ਇਸਨੂੰ ਖਤਰਾ ਦਰਸਾ ਕੇ ਇਹ ਹਮਲਾ ਕੀਤਾ ਗਿਆ ਹੈ। ਅਸਲ ਵਿਚ ਪੱਛਮੀ ਏਸ਼ੀਆ ਵਿਚ ਆਪਣੀ ਚੌਧਰ ਸਥਾਪਤ ਕਰਨ ਤੇ ਆਪਣੇ ਸਾਮਰਾਜੀ ਪ੍ਰਬੰਧ ਦੇ ਸੰਕਟ ਨੂੰ ਹੱਲ ਕਰਨ ਲਈ ਅਜਿਹੇ ਹਮਲੇ ਆਪਣੇ ਪੱਖੀ ਸਰਕਾਰਾਂ ਬਣਾਉਣ ਖ਼ਾਤਰ ਕਰ ਰਿਹਾ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਪਲਵਿੰਦਰ ਸਿੰਘ ਕਮਾਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੂੱਚਾ ਸਿੰਘ ਸੱਦੂਵਾਲ, ਜਸਪਾਲ ਸਿੰਘ, ਬਲਵੀਰ ਸਿੰਘ ਅਟਵਾਲ, ਕੁਲਵੰਤ ਕੌਰ, ਬਿੰਦਰ ਕੌਰ ਆਦਿ ਹਾਜ਼ਰ ਸਨ।