- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਜੈਮਲ ਸਿੰਘ ਪੱਡਾ ਦੀ 38ਵੀਂ ਬਰਸੀ ਮੌਕੇ ਸ਼ਰਧਾਂਜ਼ਲੀ ਸਮਾਗਮ 17 ਮਾਰਚ ਨੂੰ

ਕਾਨਫਰੰਸ ’ਚ ਜ਼ਿਲੇ ਭਰ ਤੋਂ ਮਜ਼ਦੂਰ ਵੱਡੀ ਗਿਣਤੀ ’ਚ ਕਰਨਗੇ ਸ਼ਿਰਕਤ : ਨਿਰਮਲ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵੱਲੋਂ ਸ਼ਹੀਦ ਜੈਮਲ ਸਿੰਘ ਪੱਡਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਰਗਰਮ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਜਵਾਲਾਪੁਰ ਨੇ ਮੀਟਿੰਗ ਦੌਰਾਨ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਕਲਾਬੀ ਲਹਿਰ ਤੇ ਕਿਸਾਨਾਂ ਮਜ਼ਦੂਰਾਂ ਦੇ ਹਰਮਨ ਪਿਆਰੇ ਲੋਕ ਘੋਲਾਂ ਦੇ ਸਿਰਕੱਢ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਇਨਕਲਾਬੀ ਮੈਗਜ਼ੀਨ ਹਰਿਆਵਲ ਦਸਤਾ ਦੇ ਸੰਪਾਦਕ, ਇਨਕਲਾਬੀ ਸ਼ਾਇਰ ਸ਼ਹੀਦ ਜੈਮਲ ਸਿੰਘ ਪੱਡਾ ਨੂੰ ਦਹਿਸ਼ਤਗਰਦਾਂ ਨੇ 17 ਮਾਰਚ 1988 ਦਿਨ ਵੀਰਵਾਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਭਾਵੇਂ ਸ਼ਹੀਦ ਜੈਮਲ ਸਿੰਘ ਪੱਡਾ ਨੂੰ ਸਰੀਰਕ ਤੌਰ ’ਤੇ ਸਾਥੋਂ ਖੋਹ ਲਿਆ ਗਿਆ ਪਰ ਉਨ੍ਹਾਂ ਦੀ ਵਿਚਾਰਧਾਰਾ ਤੇ ਸੋਚ ਅਜੇ ਵੀ ਜਿਉਂਦੀ ਹੈ। ਉਨ੍ਹਾਂ ਦੀ 38ਵੀਂ ਬਰਸੀ 17 ਮਾਰਚ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਪਿੰਡ ਲੱਖਣ ਕੇ ਪੱਡੇ ਵਿਖੇ ਮਨਾਈ ਜਾਵੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਕਾਮਰੇਡ ਜੈਮਲ ਸਿੰਘ ਪੱਡਾ ਤੇ ਸ਼ੰਘਰਸ਼ਾਂ ਦੌਰਾਨ ਵਿਛੜੇ ਸਾਥੀ ਮਲਕੀਤ ਸਿੰਘ ਚੀਮਾ, ਸਾਥੀ ਟੇਕ ਸਿੰਘ ਟੱਕਰ, ਸਾਥੀ ਸਰਵਣ ਚੰਦ ਹੈਦਰਾਬਾਦ ਦੋਨਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਸਾਥੀ ਜੈਮਲ ਸਿੰਘ ਪੱਡਾ ਤੇ ਸਾਥੀਆਂ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸਾਨੂੰ ਵਿਸ਼ਾਲ ਜਨਤਕ ਸੰਘਰਸ਼ ਉਸਾਰਣ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਗੂਆਂ ਵੱਲੋਂ ਪਿੰਡ ਲੱਖਣ ਕੇ ਪੱਡੇ ਵਿਖੇ 17 ਮਾਰਚ ਦਿਨ ਮੰਗਲਵਾਰ ਨੂੰ 11 ਵਜੇ ਸ਼ਹੀਦ ਜੈਮਲ ਸਿੰਘ ਪੱਡਾ ਦੀ ਸ਼ਹੀਦੀ ਲਾਟ ’ਤੇ ਝੰਡਾ ਝੁਲਾਉਣ ਉਪਰੰਤ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਲੋਕ ਕਲਾ ਮੰਚ (ਇਪਟਾ) ਵੱਲੋਂ ਨਾਟਕ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ, ਇਨਸਾਫ ਪਸੰਦ ਲੋਕਾਂ ਨੂੰ ਸ਼ਹੀਦ ਸਾਥੀ ਜੈਮਲ ਸਿੰਘ ਪੱਡਾ ਜੀ ਤੇ ਵਿਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਮੌਕੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਵਿਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਪਲਵਿੰਦਰ ਸਿੰਘ ਕਮਾਲਪੁਰ, ਗੁਰਦੀਪ ਸਿੰਘ ਨਬੀਪੁਰ, ਕੁਲਦੀਪ ਕੌਰ ਉੱਚਾ ਬੋਹੜਵਾਲਾ, ਕੁਲਵੰਤ ਕੌਰ ਮੇਵਾ ਸਿੰਘ ਵਾਲਾ, ਬਿੰਦਰ ਕੌਰ ਰਾਮਪੁਰ ਜਗੀਰ ਆਦਿ ਆਗੂ ਹਾਜ਼ਰ ਸਨ।