- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟ੍ਰੈਵਲ ਏਜੰਟ 'ਤੇ ਧੋਖਾਧੜੀ ਦਾ ਦੋਸ਼, ਪਰਿਵਾਰ ਨੇ ਲਗਾਇਆ ਧਰਨਾ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਦੇਸ਼ ਭੇਜਣ ਦੀ ਆੜ ਵਿਚ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਕਥਿਤ ਟ੍ਰੈਵਲ ਏਜੰਟ ਵਿਰੁੱਧ ਕਾਰਵਾਈ ਨਾ ਹੋਣ ’ਤੇ ਵਿਰੋਧ ਕਰਦੇ ਹੋਏ ਪੀੜਤ ਪਰਿਵਾਰ ਸਮੇਤ ਸੈਂਕੜੇ ਲੋਕਾਂ ਨੇ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ’ਤੇ ਵਿਸ਼ਾਲ ਧਰਨਾ ਲਗਾਇਆ, ਜਿਸ ਨਾਲ ਦਿਨ ਭਰ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧ ਵਿਚ, ਪੀੜਤ ਕੰਵਰਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਿਲਾ ਮਹਿਕਾ, ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਲਗਭਗ 2 ਸਾਲ ਪਹਿਲਾਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਕਥਿਤ ਟ੍ਰੈਵਲ ਏਜੰਟ ਨਰਿੰਦਰ ਸਿੰਘ ਬਿੱਟੂ ਨੇ ਉਸ ਤੋਂ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਲਈ 26 ਲੱਖ ਰੁਪਏ ਲਏ ਸਨ। ਉਕਤ ਟ੍ਰੈਵਲ ਏਜੰਟ ਨੇ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਉਸਦੇ ਪਰਿਵਾਰਕ ਮੈਂਬਰ ਦਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਪੈਸੇ ਦੀ ਮੰਗ ਕੀਤੀ ਤਾਂ ਉਕਤ ਟ੍ਰੈਵਲ ਏਜੰਟ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਅਪੀਲ ਕੀਤੀ। ਜਦੋਂ ਉਨ੍ਹਾਂ ਨੂੰ ਕਾਨੂੰਨ ਰਾਹੀਂ ਵੀ ਇਨਸਾਫ਼ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ 'ਤੇ ਕਥਿਤ ਟਰੈਵਲ ਏਜੰਟ ਦੇ ਰੈਸਟੋਰੈਂਟ ਦੇ ਸਾਹਮਣੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਸੜਕ ਜਾਮ ਕਰ ਦਿੱਤੀ। ਇਸ ਮੌਕੇ 'ਤੇ ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਲੱਖਾ ਸਿੰਘ ਵਲਟੋਹਾ ਅਤੇ ਦਸਮੇਸ਼ ਤਰਨਾ ਦਲ ਤੋਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਟਰੈਵਲ ਏਜੰਟ ਦੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਏ ਕਈ ਦਿਨ ਹੋ ਗਏ ਹਨ, ਪਰ ਉਨ੍ਹਾਂ ਦੀ ਫ਼ਰਿਆਦ ਕਿਤੇ ਵੀ ਨਹੀਂ ਸੁਣੀ ਗਈ, ਜਿਸ ਕਾਰਨ ਉਨ੍ਹਾਂ ਨੇ ਅੱਜ ਸੜਕ ਜਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਟਰੈਵਲ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਦੋਂ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ ਜਦ ਤੱਕ ਇਨਸਾਫ ਨਹੀਂ ਮਿਲਦਾ। ਮੌਕੇ 'ਤੇ ਪਹੁੰਚੇ ਏਐੱਸਆਈ ਜੋਗਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਦਾ ਮੰਗ ਪੱਤਰ ਵੀ ਪ੍ਰਾਪਤ ਕੀਤਾ।
ਮੇਰਾ ਕੋਈ ਕਸੂਰ ਨਹੀਂ : ਟਰੈਵਲ ਏਜੰਟ
ਸੰਪਰਕ ਕਰਨ 'ਤੇ ਟਰੈਵਲ ਏਜੰਟ ਨਰਿੰਦਰ ਸਿੰਘ ਬਿੱਟੂ ਨੇ ਕਿਹਾ,‘ਮੈਂ ਉਸਨੂੰ ਕੈਨੇਡੀਅਨ ਵੀਜ਼ਾ ਜਾਰੀ ਕਰਵਾਇਆ ਸੀ। ਜਦੋਂ ਉਹ ਵਿਦੇਸ਼ ਜਾ ਰਿਹਾ ਸੀ ਤਾਂ ਉਸਨੂੰ ਦਿੱਲੀ ਹਵਾਈ ਅੱਡੇ 'ਤੇ ਪੁਲਿਸ ਨੇ ਰੋਕ ਲਿਆ ਕਿਉਂਕਿ ਉਸਦੇ ਖਿਲਾਫ ਡਰੱਗਜ਼ ਦਾ ਕੇਸ ਦਰਜ ਸੀ।’ ਉਨ੍ਹਾਂ ਕਿਹਾ ਕਿ ਉਸਨੇ ਕਿਸੇ ਨਾਲ ਧੋਖਾ ਨਹੀਂ ਕੀਤਾ ਅਤੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਉਸਦੇ ਖਿਲਾਫ ਸਾਰੇ ਦੋਸ਼ ਝੂਠੇ ਹਨ।