ਪੰਜਾਬ ਪੁਲਿਸ ‘ਚ ਭਰਤੀ ਲਈ ਕਲਾਸਾਂ ਸ਼ੁਰੂ : ਕੈਪ. ਅਜੀਤ ਸਿੰਘ
ਪੰਜਾਬ ਪੁਲਿਸ ‘ਚ ਭਰਤੀ ਲਈ ਟ੍ਰੇਨਿੰਗ ਦੀਆਂ ਕਲਾਸਾਂ ਸ਼ੁਰੂ: ਕੈਪਟਨ ਅਜੀਤ ਸਿੰਘ
Publish Date: Mon, 16 Mar 2026 07:40 PM (IST)
Updated Date: Mon, 16 Mar 2026 07:43 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਆਰਮੀ, ਪੈਰਾਮਿਲਟਰੀ ਫੋਰਸ, ਐੱਸਐੱਸਸੀ ਤੇ ਪੰਜਾਬ ਪੁਲਿਸ ਵਿਚ ਭਰਤੀ ਲਈ ਮੁਫ਼ਤ ਲਿਖਤੀ ਪੇਪਰ ਤੇ ਫਿਜ਼ੀਕਲ ਟ੍ਰੇਨਿੰਗ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਕਪੂਰਥਲਾ ਦੇ ਇੰਚਾਰਜ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਭਰਤੀ ਲਈ ਰਜਿਸਟ੍ਰੇਸ਼ਨ 30 ਮਾਰਚ ਤੱਕ ਚੱਲ ਰਹੀ ਹੈ ਤੇ ਕੈਂਪ ਵਿਖੇ ਲਿਖਤੀ ਤੇ ਸਰੀਰਕ ਸਿਖਲਾਈ ਦੀਆਂ ਕਲਾਸਾਂ 10 ਮਾਰਚ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਰਮੀ ਅਗਨੀਵੀਰ ਦੀ ਭਰਤੀ ਲਈ ਲਿਖਤੀ ਪੇਪਰ ਦੀਆਂ ਕਲਾਸਾਂ ਪਹਿਲਾਂ ਤੋਂ ਹੀ ਕੈਂਪ ਵਿਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਮੀਦਵਾਰਾਂ ਨੂੰ ਮੁਫ਼ਤ ਟ੍ਰੇਨਿੰਗ, ਰਿਹਾਇਸ਼ ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਉਮੀਦਵਾਰਾਂ ਲਈ ਜਿਮ, ਸਮਾਰਟ ਕਲਾਸਰੂਮ, 400 ਮੀਟਰ ਦਾ ਟ੍ਰੈਕ, ਵਧੀਆ ਵਾਲੀਬਾਲ ਗਰਾਊਂਡ ਤੇ ਇਸ ਤੋਂ ਇਲਾਵਾ ਹੋਰ ਕਈ ਖੇਡਾਂ ਦੀਆਂ ਸਹੂਲਤਾਂ ਉਪਲਬਧ ਹਨ। ਸਿਖਲਾਈ ਪ੍ਰਾਪਤ ਕਰਨ ਦੇ ਇੱਛੁਕ ਉਮੀਦਵਾਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਜਿਵੇਂ ਕਿ ਆਧਾਰ ਕਾਰਡ, ਦਸਵੀਂ ਜਾਂ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਨ੍ਹਾਂ ਮੋਬਾਈਲ ਨੰਬਰਾਂ 83601-63527, 69020-00733 ਤੇ 99143-69376 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।