ਬੀਡੀਪੀਓ ਦਫ਼ਤਰ ਫਗਵਾੜਾ ਵਿਖੇ ਪੰਚਾਂ-ਸਰਪੰਚਾਂ ਲਈ ਲਾਇਆ ਟ੍ਰੇਨਿੰਗ ਕੈਂਪ
ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਪੰਚਾ ਸਰਪੰਚਾਂ ਲਈ ਲਗਾਇਆ ਟਰੇਨਿੰਗ ਕੈਂਪ
Publish Date: Wed, 21 Jan 2026 07:09 PM (IST)
Updated Date: Thu, 22 Jan 2026 04:10 AM (IST)

ਕੈਪਸ਼ਨ-21ਪੀਐਚਜੀ9 ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਆਯੋਜਿਤ ਪੰਚਾਇਤ ਟਰੇਨਿੰਗ ਕੈਂਪ ਦੇ ਦ੍ਰਿਸ਼। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਨਵੀਂਆਂ ਬਣੀਆਂ ਪੰਚਾਇਤਾਂ ਨੂੰ ਪੰਚਾਇਤੀ ਕਾਰਜ ਪ੍ਰਣਾਲੀ ਤੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ, ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ‘ਸਾਡੀ ਯੋਜਨਾ, ਸਾਡਾ ਵਿਕਾਸ’ ਤਹਿਤ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ ਇਕ ਰੋਜਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਸਰਪੰਚ ਨੰਗਲਮੱਝਾ ਤੋਂ ਇਲਾਵਾ ਬੁਲਾਰਿਆਂ ਵਜੋਂ ਗੁਰਪਿੰਦਰ ਸਿੰਘ ਐਮ.ਆਰ.ਪੀ. ਅਤੇ ਸੁਭਾਸ਼ ਸਿੰਘ ਆਰ.ਪੀ. ਨੇ ਸ਼ਿਰਕਤ ਕੀਤੀ। ਉਹਨਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਆਸ਼ਾ ਵਰਕਰਾਂ, ਆਂਗਨਬਾੜੀ ਵਰਕਰਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸਹੀ ਟਰੇਨਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਅਤੇ ਪੰਚ ਆਮ ਲੋਕਾਂ ਅਤੇ ਸਰਕਾਰ ਦਰਮਿਆਨ ਇੱਕ ਅਹਿਮ ਬਣਦੇ ਹਨ, ਉਨ੍ਹਾਂ ਦਾ ਜਾਗਰੂਕ ਅਤੇ ਜ਼ਿੰਮੇਵਾਰ ਹੋਣਾ ਬਹੁਤ ਹੀ ਜਰੂਰੀ ਹੈ। ਬੁਲਾਰਿਆਂ ਨੇ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ ਦੀ ਭੂਮਿਕਾ, ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਦੀ ਪ੍ਰਕਿਿਰਆ, ਵਿੱਤੀ ਪ੍ਰਬੰਧਨ, ਸਰਕਾਰੀ ਫੰਡਾਂ ਦੀ ਸਹੀ ਵਰਤੋਂ ਅਤੇ ਰਿਕਾਰਡ ਸੰਭਾਲਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸਿਹਤ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਵਢਮੁੱਲੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕਰਨ ਅਤੇ ਉਨ੍ਹਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਕੈਂਪ ਦੌਰਾਨ ਲੋਕ ਯੋਜਨਾ ਮੁਹਿਮ 2026-27 ਬਾਰੇ ਮੁਢਲੀ ਜਾਣਕਾਰੀ, ਗ੍ਰਾਮ ਪੰਚਾਇਤ ਯੋਜਨਾ ਫੈਸਿਲੀਟੇਸ਼ਨ ਟੀਮ ਦਾ ਗਠਨ, ਮੈਂਬਰ, ਕੰਮ ਅਤੇ ਜਿੰਮੇਵਾਰੀਆਂ, ਗ੍ਰਾਮ ਪੰਚਾਇਤ ਦੇ ਸੋਮੇ, ਮਗਨਰੇਗਾ ਅਧੀਨ ਕਰਵਾਏ ਜਾ ਸਕਦੇ ਮੁੱਖ ਕਾਰਜਾਂ, ਬੰਧਨ ਗ੍ਰਾਂਟਾ ਜਾਰੀ ਕਰਨ ਲਈ ਸ਼ਰਤਾਂ, ਮਿਆਰੀ ਕਾਰਜਵਿਧੀ, ਵਿਜਨਿੰਗ ਅਭਿਆਸ ਅਤੇ ਰਾਸ਼ਟਰੀ ਪੰਚਾਇਤ ਅਵਾਰਡ ਸਬੰਧੀ ਜਾਣਕਾਰੀ ਅਤੇ ਨਾਮਜਦਗੀਆਂ ਲਈ ਪੰਚਾਇਤਾਂ ਨੂੰ ਉਤਸ਼ਾਹਤ ਕਰਨ ਬਾਰੇ ਵੀ ਦੱਸਿਆ ਗਿਆ। ਬੁਲਾਰਿਆਂ ਵਲੋਂ ਟਰੇਨਿੰਗ ਕੈਂਪ ਵਿੱਚ ਭਾਗ ਲੈਣ ਵਾਲਿਆਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਵੀ ਦਿੱਤੇ ਗਏ। ਟ੍ਰੇਨਿੰਗ ’ਚ ਹਿੱਸਾ ਲੈਣ ਵਾਲੇ ਸਮੂਹ ਸਰਪੰਚਾਂ-ਪੰਚਾ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਲਾਹੇਵੰਦ ਦੱਸਿਆ। ਆਖ਼ਰ ’ਚ ਪੰਚਾਇਤ ਯੂਨੀਅਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਨੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦਾ ਸਮੁੱਚਾ ਵਿਕਾਸ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਵਾਇਆ ਜਾਵੇ।