- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਵਿਿਗਆਨ ਦਿਵਸ ਤੇ ਸਿਰਲੇਖ

(ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ)
ਪੰਜਾਬੀ ਜਾਗਰਣ ਪ੍ਰਤੀਨਿਧੀ
ਫਗਵਾੜਾ : ਕੁਦਰਤੀ ਵਰਤਾਰਿਆਂ ਜਾਂ ਘਟਨਾਵਾਂ ਨੂੰ ਸਮਝਣ ਲਈ ਵਿਗfਆਨ ਰੂਪੀ ਗਿਆਨ ਭੰਡਾਰ ਸਾਨੂੰ ਕਾਬਲ ਬਣਾਉਂਦਾ ਹੈ। ਵਿਗਿਆਨੀ ਆਪਣੀ ਮਿਹਨਤ ਤੇ ਲਗਨ ਸਦਕਾ ਇਸ ਗਿਆਨ ਭੰਡਾਰ ਵਿਚ ਹਮੇਸ਼ਾਂ ਵਾਧਾ ਕਰਦੇ ਰਹਿੰਦੇ ਹਨ ਤੇ ਇਨ੍ਹਾਂ ਨਿਯਮਾਂ ਦਾ ਉਪਯੋਗ ਕਰਕੇ ਸਾਡੇ ਲਈ ਨਵੇਂ-ਨਵੇਂ ਉਤਪਾਦ ਪੇਸ਼ ਕਰਦੇ ਹਨ। ਹਰ ਮੁਲਕ ਆਪਣੇ ਵਿਗਿਆਨੀਆਂ ’ਤੇ ਮਾਣ ਕਰਦਾ ਹੈ। ਅਸੀਂ ਵੀ ਆਪਣੇ ਭਾਰਤ ਦੇ ਮਹਾਨ ਨੋਬਲ ਇਨਾਮ ਜੇਤੂ ਡਾ. ਸੀਵੀ ਰਮਨ ਜੀ ਦੀ ਮਹਾਨ ਖੋਜ “ਦਿ ਰਮਨ ਇਫੈਕਟ” ਦੀ ਵਰੇ੍ਹਗੰਢ ਮੌਕੇ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। 1930 ਵਿਚ ਵਿਗਿਆਨ ਵਿਸ਼ੇ ਵਿਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਰਮਨ ਪਹਿਲੇ ਏਸ਼ੀਆਈ ਸਨ ਤੇ ਇਸ ਖੋਜ ਨੇ ਪੂਰੀ ਦੁਨੀਆ ਦਾ ਧਿਆਨ ਸਾਡੇ ਵੱਲ ਖਿੱਚਿਆ। ਇਸ ਮਾਣਮੱਤੀ ਪ੍ਰਾਪਤੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਵਿਚ ਵਿਗਿਆਨ ਦੀ ਲੋਕਪ੍ਰਿਅਤਾ ਲਈ ਕੰਮ ਕਰ ਰਹੀ ਸੰਸਥਾ ਨੈਸ਼ਨਲ ਸਾਇੰਸ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਦੇ ਵਿਚਾਰ ਸਦਕਾ ਭਾਰਤ ਸਰਕਾਰ ਵੱਲੋਂ 28 ਫਰਵਰੀ 1987 ਨੂੰ ਪਹਿਲਾ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਸੀ। ਵਰਤਮਾਨ ਵਿਚ ਇਹ ਦਿਹਾੜਾ ਪੂਰੇ ਭਾਰਤ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਅਕਾਦਮਿਕ ਵਿਗਿਆਨਿਕ, ਤਕਨੀਕੀ, ਮੈਡੀਕਲ ਤੇ ਖੋਜ ਸੰਸਥਾਵਾਂ ਵਿਚ ਮਨਾਇਆ ਜਾਂਦਾ ਹੈ। ਇਹ ਦਿਵਸ ਜਿਥੇ ਇਤਿਹਾਸ ਦੇ ਪੰਨਿਆਂ ਵਿਚ ਸਾਡੀ ਵਿਗਿਆਨਕ ਸਮਝ ਦੇ ਲੋਹੇ ਦਾ ਸੁਨਹਿਰਾ ਪੰਨਾ ਲਿਖਦਾ ਹੈ, ਉੱਥੇ ਵਰਤਮਾਨ ਦੇ ਵਿਗਿਆਨੀਆਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਦੇ ਹੋਏ ਭਵਿੱਖ ਨੂੰ ਆਪਣੇ ਦੇਸ਼ ਭਾਰਤ ’ਤੇ ਕੇਂਦਰਿਤ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਅੱਗੇ ਵਧਣ ਤੋਂ ਪਹਿਲਾਂ ਆਉ ਰਮਨ ਪ੍ਰਭਾਵ ਨੂੰ ਸੌਖੇ ਸ਼ਬਦਾਂ ਵਿਚ ਸਮਝੀਏ। ਇਸ ਖੋਜ ਅਨੁਸਾਰ ਜਦੋਂ ਪ੍ਰਕਾਸ਼ ਕਿਸੇ ਪਦਾਰਥ ਜਿਵੇਂ ਹਵਾ, ਪਾਣੀ, ਦੁੱਧ, ਲੱਕੜੀ ਜਾਂ ਕੋਈ ਹੋਰ ਠੋਸ ਪਦਾਰਥ ਤੇ ਪੈਂਦਾ ਹੈ ਤਾਂ ਪਦਾਰਥ ਦੇ ਅੰਦਰ ਮੌਜੂਦ ਛੋਟੇ ਕਣ ਭਾਵ ਅਣੂ ਪ੍ਰਕਾਸ਼ ਨਾਲ ਟਕਰਾ ਕੇ ਉਸਦੀ ਊਰਜਾ ਨੂੰ ਬਦਲ ਦਿੰਦੇ ਹਨ ਤਾਂ ਉਸ ਨਾਲ ਉਸਦਾ ਰੰਗ ਬਦਲ ਜਾਂਦਾ ਹੈ। ਇਹ ਖੋਜ ਇਹ ਸਿੱਧ ਕਰਦੀ ਹੈ ਕਿ ਰੌਸ਼ਨੀ ਕਿਸੇ ਚੀਜ਼ ਨਾਲ ਟਕਰਾ ਕੇ ਉਸ ਬਾਰੇ ਜਾਣਕਾਰੀ ਦੇ ਸਕਦੀ ਹੈ ਜਾਂ ਇੰਝ ਕਹਿ ਲਉ ਕਿ ਰਮਨ ਪ੍ਰਭਾਵ ਰੌਸ਼ਨੀ ਦੀ ਮਦਦ ਨਾਲ ਪਦਾਰਥ ਦੀ ਪਛਾਣ ਕਰਨ ਦਾ ਤਰੀਕਾ ਹੈ।
ਵਿਗਿਆਨ ਤੇ ਤਕਨਾਲੋਜੀ ਦੇ ਮੌਜੂਦਾ ਯੁੱਗ ਵਿਚ ਕਿਸੇ ਫਿਲਮੀ ਕਹਾਨੀ ਦੀ ਗਤੀ ਵਾਂਗ ਖੋਜਾਂ ’ਤੇ ਅਧਾਰਿਤ ਨਵੀਆਂ ਮਸ਼ੀਨਾਂ ਜਾਂ ਉਪਕਰਣ ਸਾਹਮਣੇ ਆ ਰਹੇ ਹਨ। ਕਿਸੇ ਦੇਸ਼ ਦਾ ਵਿਗਿਆਨੀ ਆਪਣੀ ਖੋਜ ਬਾਰੇ ਦੱਸ ਹੀ ਰਿਹਾ ਹੁੰਦਾ ਹੈ ਤਾਂ ਦੂਸਰੇ ਕਿਸੇ ਦੇਸ਼ ਵਿਚ ਉਸ ਤੋਂ ਵੀ ਵੱਧ ਮਿਆਰ ਵਾਲੀ ਚੀਜ਼ ਸਾਹਮਣੇ ਆ ਜਾਂਦੀ ਹੈ। ਇਹ ਵੀ ਸੱਚ ਹੈ ਕਿ ਸਾਡੇ ਜੀਵਨ ਦਾ ਹਰ ਪਹਿਲੂ ਵਿਗਿਆਨ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਜੁੜਿਆ ਹੋਇਆ ਹੈ। ਆਓ ਵੱਖ-ਵੱਖ ਪਹਿਲੂਆਂ ’ਤੇ ਝਾਤ ਮਾਰਦੇ ਹਾਂ।
ਮੈਡੀਕਲ ਖੇਤਰ
ਮੈਡੀਕਲ ਖੇਤਰ ਵਿਚ ਵਿਗਿਆਨ ਦੀ ਤਰੱਕੀ ਸਦਕਾ ਐਕਸ ਰੇ, ਸੀਟੀ ਸਕੈਨ, ਐੱਮਆਰਆਈ ਵਰਗੀਆਂ ਤਕਨੀਕਾਂ ਤੇ ਮਸ਼ੀਨਾਂ ਦੀ ਮਦਦ ਨਾਲ ਬਿਮਾਰੀਆਂ ਦੀ ਪਹਿਚਾਣ ਸੌਖੀ ਹੋ ਗਈ ਹੈ ਤੇ ਸੀਮਿਤ ਮਾਤਰਾ ਵਿਚ ਦਵਾਈ ਸਦਕਾ ਬਿਮਾਰੀ ਨੂੰ ਠੀਕ ਕੀਤਾ ਜਾ ਰਿਹਾ ਹੈ, ਜਿਸ ਨਾਲ ਮਨੁੱਖ ਦੀ ਉਮਰ ਵਧੀ ਹੈ। ਸਰਜਰੀ ਵਿਚ ਰੋਬੋਟਿਕ ਤਕਨਾਲੋਜੀ ਦੀ ਵਰਤੋਂ ਨਾਲ ਇਲਾਜ਼ ਹੋਰ ਵੀ ਸੁਰੱਖਿਅਤ ਤੇ ਸਸਤਾ ਹੋ ਗਿਆ ਹੈ। ਕਿਸੇ ਜ਼ਮਾਨੇ ਵਿਚ ਮਾਰੂ ਰਹੀਆਂ ਚੇਚਕ, ਪੋਲੀਓ ਵਰਗੀਆਂ ਬਿਮਾਰੀਆਂ ਦਾ ਨਾਮੋ-ਨਿਸ਼ਾਨ ਮਿਟਾਉਣਾ ਵਿਗਿਆਨ ਦੀ ਮਦਦ ਨਾਲ ਹੀ ਸੰਭਵ ਹੋ ਸਕਿਆ ਹੈ। ਦੁਨੀਆ ’ਤੇ ਆਈ ਤਾਜ਼ਾ ਮੁਸੀਬਤ ਕੋਵਿਡ ਮਹਾਂਮਾਰੀ ਦੌਰਾਨ ਵਿਗਿਆਨੀਆਂ ਨੇ ਘੱਟ ਸਮੇਂ ਦੌਰਾਨ ਵੈਕਸੀਨ ਤਿਆਰ ਕਰਕੇ ਕਰੋੜਾਂ ਜ਼ਿੰਦਗੀਆਂ ਬਚਾਈਆਂ। ਵਿਗਿਆਨ ਨੇ ਸਿਰਫ ਇਲਾਜ਼ ਹੀ ਨਹੀਂ ਸਗੋਂ ਰੋਕਥਾਮ ਤੇ ਸਿਹਤ ਜਾਗਰੂਕਤਾ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮੌਤ ਦਾ ਦੂਸਰਾ ਰੂਪ ਕਹੇ ਜਾਣ ਵਾਲੀ ਏਡਜ਼ ਤੋਂ ਬਚਣ ਲਈ ਦਵਾਈ ਚਾਹੇ ਨਹੀਂ ਬਣੀ ਪ੍ਰੰਤੂ ਸੰਚਾਰ ਦੇ ਵਿਗਿਆਨਕ ਮਾਧਿਅਮਾਂ ਰਾਹੀਂ ਸਮਾਜ ਵਿਚ ਜਾਗਰੂਕਤਾ ਫੈਲਾ ਕੇ ਲੋਕਾਂ ਦੀ ਕੀਮਤੀ ਜਾਨ ਬਚਾਈ ਹੈ। ਲੋਕ ਘਰ ਬੈਠੇ ਹੀ ਅੱਜ ਮੋਬਾਇਲ ਐਪਸ, ਡਿਜੀਟਲ ਹੈਲਥ ਰਿਕਾਰਡ ਤੇ ਟੈਲੀਮੈਡੀਸਨ ਰਾਹੀਂ ਡਾਕਟਰੀ ਸਲਾਹ ਲੈ ਰਹੇ ਹਨ ।
ਸਿੱਖਿਆ ਦਾ ਖੇਤਰ
ਸਿੱਖਿਆ ਦੇ ਖੇਤਰ ਵਿਚ ਵਿਗਿਆਨ ਦੀ ਭੂਮਿਕਾ ਬਾਰੇ ਗੱਲ ਕਰ ਲੈਂਦੇ ਹਾਂ। ਪਹਿਲਾਂ ਦੇ ਸਮੇਂ ਵਿਚ ਪੜ੍ਹਾਈ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਸੀ ਪਰ ਵਿਗਿਆਨ ਤੇ ਤਕਨਾਲੋਜੀ ਨੇ ਸਿੱਖਿਆ ਨੂੰ ਨਵਾਂ ਰੂਪ ਪ੍ਰਦਾਨ ਕਰ ਦਿੱਤਾ ਹੈ। ਸਮਾਰਟ ਬੋਰਡ, ਆਨਲਾਈਨ ਕਲਾਸਾਂ, ਡਿਜੀਟਲ ਲਾਇਬ੍ਰੇਰੀ ਤੇ ਵਰਚੂਅਲ ਲੈਬਜ਼ ਨੇ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਰੁਚੀਕਰ ਤੇ ਆਸਾਨ ਬਣਾ ਦਿੱਤਾ ਹੈ। ਕੋਰੋਨਾ ਕਾਲ ਵਿਚ ਆਨਲਾਈਨ ਸਿੱਖਿਆ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਵਿਗਿਆਨ ਨੇ ਸਿੱਖਿਆ ਨੂੰ ਗਲੋਬਲ ਬਣਾ ਦਿੱਤਾ ਹੈ। ਇਕ ਵਿਦਿਆਰਥੀ ਘਰ ਬੈਠੇ ਹੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੈ। ਵਿਗਿਆਨ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਪ੍ਰਸ਼ਨ ਪੁੱਛਣ ਦੀ ਆਦਤ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਤ ਕਰਦਾ ਹੈ ਤੇ ਅੰਧ ਵਿਸ਼ਵਾਸ਼ ਤੋਂ ਦੂਰ ਕਰਕੇ ਸੱਚਾਈ ਤੇ ਤੱਥਾਂ ਦੇ ਆਧਾਰ ’ਤੇ ਸੋਚਣ ਲਈ ਪ੍ਰੇਰਦਾ ਹੈ। ਵਰਤਮਾਨ ਵਿਚ ਸਟੈਮ ਭਾਵ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਤੇ ਮੈਥੇਮੈਟਿਕਸ ਸਿੱਖਿਆ ਦੇ ਰਾਹੀਂ ਬੱਚਿਆਂ ਨੂੰ ਨਵੀਂ ਸੋਚ ਤੇ ਨਵੀਨਤਾ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਵਿਗਿਆਨ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ।
ਖੇਤੀਬਾੜੀ ਖੇਤਰ
ਅਗਲਾ ਵਿਸ਼ਾ ਭੋਜਨ ਉਤਪਾਦਨ ਖੇਤਰ ਹੈ, ਜਿਸ ਵਿਚ ਵਿਗਿਆਨ ਨੇ ਲਾਜਵਾਬ ਕੰਮ ਕੀਤਾ ਹੈ। ਵਿਗਿਆਨਿਕ ਤਰੀਕਿਆਂ ਨਾਲ ਖੇਤੀਬਾੜੀ ਵਿਚ ਕ੍ਰਾਂਤੀ ਆਈ ਹੈ। ਉੱਚ ਉਪਜ ਵਾਲੇ ਬੀਜ, ਮਿੱਟੀ ਦੀ ਜਾਂਚ, ਡਰਿੱਪ ਸਿੰਚਾਈ ਤੇ ਮੌਸਮ ਦੀ ਸਟੀਕ ਭਵਿੱਖਵਾਣੀ ਸਦਕਾ ਕਿਸਾਨਾਂ ਦੀ ਆਮਦਨ ਵਧੀ ਹੈ ਤੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣੀ ਹੈ ।
ਦੇਸ਼ ਦੀ ਸੁਰੱਖਿਆ
ਗੁਆਂਢੀ ਦੇਸ਼ਾਂ ਦੀ ਟੇਢੀ ਨਜ਼ਰ ਅੱਗੇ ਵਿਗਿਆਨ ਦੀ ਬਦੌਲਤ ਅਗਨੀ, ਪ੍ਰਿਥਵੀ ਤੇ ਬ੍ਰਹਿਮੋਸ ਵਰਗੀਆਂ ਆਧੁਨਿਕ ਮਿਜ਼ਾਇਲ ਪ੍ਰਣਾਲੀਆਂ ਸੁਰੱਖਿਆ ਦੀ ਮਜ਼ਬੂਤ ਦੀਵਾਰ ਬਣ ਕੇ ਖੜੀਆਂ ਹਨ। ਸਾਡੇ ਆਧੁਨਿਕ ਜਹਾਜ਼, ਡਰੋਨ, ਰਡਾਰ ਸਿਸਟਮ, ਜਹਾਜ਼-ਵਾਹਕ ਪੋਤ, ਨਾਈਟ ਵਿਜ਼ਨ ਉਪਕਰਣ, ਬੁਲੇਟਪਰੂਫ ਜੈਕਟਾਂ ਤੇ ਆਧੁਨਿਕ ਸੰਚਾਰ ਪ੍ਰਣਾਲੀਆਂ ਸਾਡੀ ਸੈਨਾ ਦੇ ਤਿੰਨੋਂ ਅੰਗਾਂ ਨੂੰ ਮਜ਼ਬੂਤ ਬਣਾਉਂਦੇ ਹਨ। ਪਹਿਲਾਂ ਯੁੱਧ ਤਲਵਾਰਾਂ ਤੇ ਬੰਦੂਕਾਂ ਨਾਲ ਲੜੇ ਜਾਂਦੇ ਸਨ ਪ੍ਰੰਤੂ ਅੱਜਕੱਲ ਜੰਗ ਇੰਟਰਨੈੱਟ ’ਤੇ ਵੀ ਲੜੀ ਜਾਂਦੀ ਹੈ। ਸਾਇਬਰ ਅਟੈਕ ਤੋਂ ਬਚਾਅ ਲਈ ਵਿਗਿਆਨੀਆਂ ਦੀ ਮਿਹਨਤ ਹੀ ਕੰਮ ਆਉਂਦੀ ਹੈ। ਸਾਡੇ ਉਪਗ੍ਰਹਿ ਸੈਨਾ ਨੂੰ ਸਰਹੱਦਾਂ ਦੀ ਨਿਗਰਾਨੀ, ਸੰਚਾਰ ਤੇ ਜਾਸੂਸੀ ਵਿਚ ਮਦਦ ਕਰਦੇ ਹਨ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਤੇ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਵਰਗੀਆਂ ਸੰਸਥਾਵਾਂ ਜ਼ਿੰਮੇਵਾਰੀ ਨਾਲ ਸੁਰੱਖਿਆ ਕੜੀ ਨੂੰ ਮਜ਼ਬੂਤ ਕਰ ਰਹੀਆਂ ਹਨ। ਵਿਗਿਆਨ ਦੀ ਸੁਵੱਲੀ ਨਜ਼ਰ ਸਦਕਾ ਹੀ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਦੇਸ਼ ਵਿਚ ਹਥਿਆਰ ਤੇ ਰੱਖਿਆ ਉਪਕਰਣ ਬਣ ਰਹੇ ਹਨ ਤੇ ਹਥਿਆਰਾਂ ਦੇ ਖਰੀਦਦਾਰ ਤੋਂ ਵੇਚਕਾਰ ਬਣਕੇ ਅਸੀਂ ਦੁਨੀਆ ਦੇ ਤਾਕਤਵਰ ਦੇਸ਼ਾਂ ਵਿਚ ਸ਼ੁਮਾਰ ਹੋ ਰਹੇ ਹਾਂ। ਬੇਝਿਜਕ ਕਹਿ ਸਕਦੇ ਹਾਂ ਕਿ ਵਿਗਿਆਨ ਹੀ ਸ਼ਕਤੀ ਹੈ ਤੇ ਸ਼ਕਤੀ ਹੀ ਸੁਰੱਖਿਆ ਹੈ।
ਆਰਥਿਕ ਵਿਕਾਸ
ਆਰਥਿਕ ਵਿਕਾਸ ਤੇ ਜੀਡੀਪੀ ਵਿਚ ਵਿਗਿਆਨ ਦੀ ਭੂਮਿਕਾ। ਜੀਡੀਪੀ ਕਿਸੇ ਦੇਸ਼ ਦੀ ਆਰਥਿਕ ਤਾਕਤ ਨੂੰ ਦਰਸਾਉਂਦਾ ਹੈ। ਜਿੰਨਾ ਵੱਧ ਉਤਪਾਦਨ ਉੱਨੀ ਹੀ ਵੱਧ ਜੀਡੀਪੀ ਤੇ ਇਸ ਉਤਪਾਦਨ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਹੈ ਵਿਗਿਆਨ ਤੇ ਤਕਨਾਲੋਜੀ। ਆਧੁਨਿਕ ਮਸ਼ੀਨਾਂ, ਆਟੋਮੇਸ਼ਨ ਤੇ ਰੋਬੋਟਿਕਸ ਨੇ ਉਤਪਾਦਨ ਦੀ ਗਤੀ ਤੇ ਗੁਣਵੱਤਾ ਵਧਾਈ ਹੈ। ਇਸ ਨਾਲ ਖਰਚ ਘੱਟ ਤੇ ਨਿਰਯਾਤ ਵਧਦਾ ਹੈ ਜੋ ਜੀਡੀਪੀ ਵਿਚ ਵਾਧਾ ਕਰਦਾ ਹੈ। ਉੱਚ ਗੁਣਵੱਤਾ ਵਾਲੇ ਬੀਜਾਂ, ਸਿੰਚਾਈ ਪ੍ਰਣਾਲੀਆਂ ਤੇ ਮਿਆਰੀ ਖੇਤੀਬਾੜੀ ਮਸ਼ੀਨਰੀ ਨੇ ਪੈਦਾਵਾਰ ਵਧਾਈ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਇਆ ਤੇ ਦੇਸ਼ ਵਿਚ ਭੁੱਖਮਰੀ ਘਟੀ ਹੈ। ਆਈਟੀ ਖੇਤਰ ਦੀ ਗੱਲ ਕਰੀਏ ਤਾਂ ਸਟਾਰਟਅਪ, ਡਿਜੀਟਲ ਭੁਗਤਾਨ ਪ੍ਰਣਾਲੀਆਂ ਤੇ ਆਨਲਾਈਨ ਸੇਵਾਵਾਂ ਨੇ ਰੋਜ਼ਗਾਰ ਦੇ ਮੌਕੇ ਵਧਾਏ ਤੇ ਆਰਥਿਕ ਗਤੀਸ਼ੀਲਤਾ ਨੂੰ ਤੇਜ਼ ਕੀਤਾ ਹੈ। ਨਵੀਆਂ ਖੋਜਾਂ ਨੇ ਨਵੇਂ ਉਦਯੋਗ ਖੜੇ ਕੀਤੇ ਜਿਨ੍ਹਾਂ ਨੇ ਦੇਸ਼ ਦੀ ਜੀਡੀਪੀ ਨੂੰ ਵਧਾਇਆ ਹੈ। ਸੂਰਜੀ ਅਤੇ ਪੌਣ ਊਰਜਾ ਵਰਗੀ ਨਵੀਕਰਣਯੋਗ ਊਰਜਾ ਤਕਨਾਲੋਜੀ ਨੇ ਖਰਚ ਘਟਾਇਆ ਤੇ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਯਕੀਨੀ ਬਣਾਈ ਹੈ। ਸਾਫ ਜ਼ਾਹਿਰ ਹੈ ਕਿ ਵਿਗਿਆਨ ਨੌਕਰੀਆਂ ਪੈਦਾ ਕਰਦਾ ਹੈ, ਉਦਯੋਗਾਂ ਨੂੰ ਮਜ਼ਬੂਤ ਕਰਦਾ ਹੈ ਤੇ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਦਾ ਹੈ ਭਾਵ ਜੀਡੀਪੀ ਦੇ ਵਾਧੇ ਦਾ ਮੂਲ ਆਧਾਰ ਹੈ ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਦੁਨੀਆ ਹੀ ਬਦਲ ਦਿੱਤੀ ਹੈ। ਨਿਊਜ਼ ਚੈਨਲ ’ਤੇ ਖਬਰਾਂ ਪੜਦੀਆਂ ਰੋਬੋਟ ਸਨਾ ਤੇ ਅੰਜਨਾ-2.0 ਪੁਰਾਣੀ ਗੱਲ ਹੋ ਚੁੱਕੀ ਹੈ। ਹੁਣ ਫੋਟੋ ਤੋਂ ਹੀ ਕੈਂਸਰ ਦੀ ਜਾਂਚ, ਭਾਰਤੀ ਭਾਸ਼ਾਵਾਂ ਵਿਚ ਸੋਚਣ ਤੇ ਬੋਲਣ ਤੇ ਬਿਨਾਂ ਫਿਟਨੈੱਸ ਵਾਲੇ ਵਾਹਨਾਂ ਨੂੰ ਪਛਾਨਣ ਵਾਲੇ ਡ੍ਰੋਨ ਜਲਦ ਹੀ ਦਿਖਣਗੇ। ਵਿਦਿਆਰਥੀ, ਅਧਿਆਪਕ, ਲੇਖਕ, ਪੱਤਰਕਾਰ ਤੇ ਪ੍ਰੋਗਰਾਮਿੰਗ ਨਾਲ ਜੁੜੇ ਮਾਹਿਰਾਂ ਲਈ ਚੈਟ ਜੀਪੀਟੀ ਤੇ ਡੀਪ ਸੀਕ ਅੱਜ ਦੇ ਅਲਾਦੀਨ ਦਾ ਚਿਰਾਗ ਹਨ। ਸਿਰਫ ਕੁਝ ਦਹਾਕੇ ਪਹਿਲਾਂ ਹੀ ਵਿਗਿਆਨ ਦੀ ਖੋਜ ਮੋਬਾਇਲ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਪੁਲਾੜ ਖੇਤਰ ਵਿਚ ਸਵਦੇਸ਼ੀ ਤਕਨਾਲੋਜੀ ਤਹਿਤ ਮੰਗਲ ਗ੍ਰਹਿ ’ਤੇ ਪਹਿਲੀ ਕੋਸ਼ਿਸ਼ ਵਿਚ ਹੀ ਸਫਲ ਲੈਂਡਿੰਗ, ਚੰਦਰਮਾ ਦੇ ਦੱਖਣੀ ਧਰੁਵ ’ਤੇ ਸਾਡੇ ਲੈਂਡਰ ਵਿਕਰਮ ਤੇ ਰੋਵਰ ਪ੍ਰਗਿਆਨ ਨੇ ਸਫਲਤਾ ਪੂਰਵਕ ਉੱਤਰਕੇ ਕੁਝ ਦੂਰੀ ਤਹਿ ਕਰਨਾ ਤੇ ਸੂਰਜ ਦੀ ਸੰਰਚਨਾ ਦਾ ਅਧਿਐਨ ਕਰਨ ਵਾਲੇ ਅਦਿੱਤਿਆ ਐੱਲ਼-1 ਨੂੰ ਪੁਲਾੜ ਵਿਚ ਆਪਣੇ ਟਿਕਾਣੇ ’ਤੇ ਸਫਲਤਾਪੂਰਬਕ ਪਹੁੰਚਾਉਣ ਦਾ ਸਿਹਰਾ ਸਾਡੇ ਵਿਗਿਆਨੀਆਂ ਸਿਰ ਹੈ।
ਸਾਲ 2026 ਲਈ “ਟਿਕਾਊ ਭਵਿੱਖ ਲਈ ਵਿਗਿਆਨ ਤੇ ਤਕਨਾਲੋਜੀ” ਥੀਮ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਵਿਗਿਆਨ ਦੇਸ਼ ਦੀ ਆਰਥਿਕ ਤਰੱਕੀ, ਸਮਾਜਿਕ ਵਿਕਾਸ, ਰਾਸ਼ਟਰੀ ਸੁਰੱਖਿਆ, ਸਮਾਰਟ ਸ਼ਹਿਰਾਂ, ਆਧੁਨਿਕ ਆਵਾਜਾਈ ਤੇ ਵਾਤਾਵਰਣ ਸੁਰੱਖਿਆ ਦਾ ਮਦਦਗਾਰ ਹੈ ਤੇ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਹੈ। ਬੱਸ ਵਿਗਿਆਨ ਦਾ ਸਹੀ ਉਪਯੋਗ ਕਰਦਿਆਂ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਰਾਸ਼ਟਰੀ ਵਿਗਿਆਨ ਦਿਵਸ ਮੌਕੇ ਸਾਨੂੰ ਵਿਗਿਆਨਿਕ ਸੋਚ ਨੂੰ ਅਪਨਾਉਣ ਲਈ ਸੰਕਲਪ ਲੈਣਾ ਚਾਹੀਦਾ ਹੈ ਕਿਉਂਕਿ ਵਿਗਿਆਨਕ ਸੋਚ, ਖੋਜ ਤੇ ਨਵੀਨਤਾ ਨਾਲ ਹੀ ਭਾਰਤ ਵਿਕਸਤ, ਖੁਸ਼ਹਾਲ ਤੇ ਆਤਮਨਿਰਭਰ ਦੇਸ਼ ਬਣ ਸਕਦਾ ਹੈ।