ਜਾਅਲੀ ਦਸਤਾਵੇਜ਼ਾਂ ’ਤੇ ਜ਼ਮਾਨਤ ਕਰਵਾਉਣ ਦੇ ਮਾਮਲੇ ’ਚ 3 ਨਾਮਜ਼ਦ
ਜਾਅਲੀ ਦਸਤਾਵੇਜ ਦੇ ਅਧਾਰ ’ਤੇ ਜਮਾਨਤ ਕਰਵਾਉਣ ਦੇ ਮਾਮਲੇ ’ਚ ਤਿੰਨ ਨਾਮਜਦ
Publish Date: Sun, 05 Apr 2026 08:42 PM (IST)
Updated Date: Mon, 06 Apr 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਪੂਰਥਲਾ : ਕੋਰਟ ਕੰਪਲੈਕਸ ਕਪੂਰਥਲਾ ਵਿੱਚ ਸਥਿਤ ਜੇਐਮਆਈਸੀ ਦੀ ਅਦਾਲਤ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਕਤਲ ਦੀ ਕੋਸ਼ਿਸ਼ (109 ਬੀਐਨਐਸ) ਦੇ ਮੁਲਜਮਾ ਨੂੰ ਜ਼ਮਾਨਤ ਦਿੱਤੇ ਜਾਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਮਾਣਯੋਗ ਜੱਜ ਦੇ ਰੀਡਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਸਦਰ ਥਾਣੇ ਵਿੱਚ ਨੰਬਰਦਾਰ ਸਮੇਤ ਤਿੰਨ ਮੁਲਜਮਾ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਡੀਐੱਸਪੀ ਸ਼ੀਤਲ ਸਿੰਘ ਨੇ ਕੀਤੀ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ, ਜੇਐੱਮਆਈਸੀ ਦੀ ਰੀਡਰ ਮਾਲਤੀ ਤੁਲੀ ਨੇ ਦੱਸਿਆ ਕਿ ਸਾਲ 2024 ਦੀ ਐੱਫਆਈਆਰ ਨੰਬਰ 206 ਦੇ ਮਾਮਲੇ ’ਚ ਕਤਲ ਦੀ ਕੋਸ਼ਿਸ਼ ਦੇ ਮੁਲਜਮ ਦੇਵ ਦਰਸ਼ਨ ਪੁੱਤਰ ਭਾਰਤ ਭੂਸ਼ਣ ਵਾਸੀ ਮੁਹੱਲਾ ਸ਼ੇਰਗੜ੍ਹ ਦੀ ਜ਼ਮਾਨਤ ਲਈ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕੀਤੇ ਗਏ ਸਨ। ਇਹ ਦਸਤਾਵੇਜ਼ ਨੰਬਰਦਾਰ ਮਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਠੀਕਰੀਵਾਲ, ਗਵਾਹ ਪਿਆਰਾ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਪਿੰਡ ਬਿਸ਼ਨਪੁਰ ਅਤੇ ਗਵਾਹ ਦਰਸ਼ਨ ਕੁਮਾਰ ਪੁੱਤਰ ਜੀਤ ਕੁਮਾਰ ਵਾਸੀ ਮੁਹੱਲਾ ਸ਼ੇਰਗੜ੍ਹ ਵੱਲੋਂ ਪੇਸ਼ ਕੀਤੇ ਗਏ ਸਨ, ਜਿਸ ਦੇ ਆਧਾਰ ਤੇ ਮੁਲਜਮਾ ਨੂੰ ਜ਼ਮਾਨਤ ਦੇ ਦਿੱਤੀ ਗਈ। ਜਾਂਚ ਦੌਰਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਜਾਅਲੀ ਪਾਏ ਗਏ। ਇਸ ਤੋਂ ਬਾਅਦ, ਸਦਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ, ਨੰਬਰਦਾਰ ਮਨਜੀਤ ਸਿੰਘ, ਗਵਾਹ ਪਿਆਰਾ ਸਿੰਘ ਤੇ ਗਵਾਹ ਦਰਸ਼ਨ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਗਿਰੋਹ ਦੇ ਨਾਲ ਸਬੰਧਤ ’ਤੇ ਨਹੀਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਮੁਲਜਮਾਂ ਨੂੰ ਜ਼ਮਾਨਤ ਦੇਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕੁਝ ਮਹੀਨੇ ਪਹਿਲਾਂ, ਜ਼ਿਲ੍ਹਾ ਪੁਲਿਸ ਨੇ ਇੱਕ ਅਜਿਹੇ ਹੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ’ਚ ਕੁਝ ਵਕੀਲਾਂ ਦੇ ਮੁਨਸ਼ੀ ਵੀ ਸ਼ਾਮਲ ਸਨ। ਇਸ ਗਿਰੋਹ ਨੇ ਮੁਲਜ਼ਮਾਂ ਨੂੰ ਜ਼ਮਾਨਤ ਦਿਵਾਉਣ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਤੇ ਅਦਾਲਤਾਂ ’ਚ ਪੇਸ਼ ਕੀਤੇ।