- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮੰਦਭਾਗੀਆਂ-ਕਸ਼ਯਪ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਅੱਤਵਾਦੀਆਂ ਵੱਲੋਂ ਪੰਜਾਬ ਵਿਚ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਦਿੱਤੀਆਂ ਗਈਆਂ ਧਮਕੀਆਂ ਬਹੁਤ ਹੀ ਮੰਦਭਾਗੀਆਂ ਹਨ। ਅਜਿਹੀਆਂ ਧਮਕੀਆਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਤੇ ਨਾਲ ਹੀ ਦੇਸ਼ ਦੀ ਕੇਂਦਰ ਸਰਕਾਰ ਨੂੰ ਅੱਤਵਾਦ ਦੇ ਖਾਤਮੇ ਲਈ ਇਕ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤੇ ਆਪਣੀਆਂ ਖੁਫੀਆ ਏਜੰਸੀਆਂ ਤੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੂੰ ਅੱਤਵਾਦੀਆਂ ਦੁਆਰਾ ਰਚੀਆਂ ਗਈਆਂ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਅੱਤਵਾਦ ਵਿਰੁੱਧ ਸਰਜੀਕਲ ਸਟ੍ਰਾਈਕ ਕਰਨ ਦੇ ਆਦੇਸ਼ ਜਾਰੀ ਕਰਨੇ ਚਾਹੀਦੇ ਹਨ। ਇਹ ਗੱਲ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਇਕ ਬਿਆਨ ਵਿਚ ਕਹੀ। ਮੁਕੇਸ਼ ਕਸ਼ਯਪ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਵਿਚ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਅੱਤਵਾਦੀਆਂ ਦੀ ਧਮਕੀ ਨੂੰ ਬਰਦਾਸ਼ਤ ਨਹੀਂ ਕਰੇਗੀ। ਕਸ਼ਯਪ ਨੇ ਕਿਹਾ ਕਿ ਸ਼ਿਵ ਸੈਨਾ ਸ਼ਿੰਦੇ ਅੱਤਵਾਦ ਦਾ ਮੂੰਹ ਤੋੜ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ, ਪਰ ਕੋਈ ਵੀ ਦੇਸ਼ ਵਿਰੋਧੀ ਤਾਕਤ ਜੋ ਹਿੰਦੂ ਧਰਮ ਦੇ ਪ੍ਰਤੀਕ ਮੰਦਿਰਾਂ ’ਤੇ ਬੁਰੀ ਨਜ਼ਰ ਮਾਰਨ ਦੀ ਹਿੰਮਤ ਕਰਦੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਕੇਸ਼ ਕਸ਼ਯਪ ਨੇ ਅੱਗੇ ਕਿਹਾ ਕਿ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਭਾਰਤ ਦੇ ਹੱਥੋਂ ਕਈ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਫਿਰ ਵੀ ਇਹ ਆਪਣੀਆਂ ਨਾਪਾਕ ਗਤੀਵਿਧੀਆਂ ਵਿਚ ਡਟਿਆ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅੱਤਵਾਦ ਨੂੰ ਖਤਮ ਕਰਨ ਤੇ ਆਪਣੇ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਅੱਤਵਾਦ ਨੂੰ ਕੁਚਲਣ ਲਈ ਇਕ ਵਿਸ਼ੇਸ਼ ਯੋਜਨਾ ਬਣਾਉਣੀ ਚਾਹੀਦੀ ਹੈ। ਮੁਕੇਸ਼ ਕਸ਼ਯਪ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੇ ਮੰਦਿਰਾਂ ਵਿਚ ਸਖ਼ਤ ਤੇ ਠੋਸ ਸੁਰੱਖਿਆ ਪ੍ਰਬੰਧ ਕੀਤੇ ਜਾਣ, ਤਾਂ ਜੋ ਮੰਦਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਵੇਰੇ ਸ਼ਾਮ ਵੱਡੀ ਗਿਣਤੀ ਵਿਚ ਸ਼ਰਧਾਲੂ ਇਨ੍ਹਾਂ ਮੰਦਿਰਾਂ ਵਿਚ ਜਾਂਦੇ ਹਨ, ਇਸ ਲਈ ਸ਼ਰਧਾਲੂਆਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਮੁਕੇਸ਼ ਕਸ਼ਯਪ ਨੇ ਮੀਡੀਆ ’ਤੇ ਵਾਇਰਲ ਹੋਈ ਪੰਜਾਬ ਦੇ ਕਈ ਪ੍ਰਮੁੱਖ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਵਾਇਰਲ ਪੋਸਟ ਦੀ ਪ੍ਰਸ਼ਾਸਨ ਤੇ ਸਾਈਬਰ ਸੈੱਲ ਵੱਲੋਂ ਤੁਰੰਤ ਜਾਂਚ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਧਮਕੀ ਭਰੀਆਂ ਪੋਸਟਾਂ ਦਾ ਪ੍ਰਸਾਰ ਚਿੰਤਾਜਨਕ ਹੈ ਤੇ ਲੋਕਾਂ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਦਿਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਧਮਕੀ ਨੂੰ ਹਲਕੇ ਵਿਚ ਨਹੀਂ ਲਿਆ ਜਾਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।