- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਪ੍ਰਸ਼ਾਸਨ ਨੂੰ ਦਬਕੇ ਮਾਰਨ ਵਾਲੇ ਅੱਜ ਪੁਲਿਸ ਪ੍ਰਸ਼ਾਸਨ ਦੀ ਚੰਗੀ ਕਾਰਗੁਜ਼ਾਰੀ ਦੇਖ ਕੇ ਨਿਰਾਸ਼ਾ ਵਿੱਚ ਸਵਾਲ ਉਠਾ ਰਹੇ ਹਨ-ਢੋਟ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਪੁਲਿਸ ਪ੍ਰਸ਼ਾਸਨ ਨੂੰ ਦਬਕੇ ਮਾਰਨ ਵਾਲੇ ਅੱਜ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਦੇਖ ਕੇ ਪੁਲਿਸ ਪ੍ਰਸਾਸ਼ਨ ਤੇ ਸਵਾਲ ਉਠਾ ਰਹੇ ਹਨ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉਸ ਬਿਆਨ ਤੇ ਚੁਟਕੀ ਲੈਂਦੇ ਹੋਏ ਕਹੀ, ਜਿਸ ਵਿੱਚ ਹਲਕਾ ਵਿਧਾਇਕ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਥਾਣਿਆਂ ਨੂੰ ਛੱਡ ਕੇ ਸੜਕਾਂ ਤੇ ਘੁੰਮ ਰਹੀ ਹੈ। ਢੋਟ ਨੇ ਕਿਹਾ ਕਿ ਅੱਜ ਪੁਲਿਸ ਲੋਕਾਂ ਵਿੱਚ ਜਾ ਰਹੀ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੈ ਅਤੇ ਉਨ੍ਹਾਂ ਨੂੰ ਹੱਲ ਕਰ ਰਹੀ ਹੈ, ਜਦੋਂਕਿ ਸਾਡੇ ਹਲਕੇ ਦੇ ਵਿਧਾਇਕ ਆਪਣੀ ਰਾਜਨੀਤਿਕ ਅਕਸ ਨੂੰ ਚਮਕਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਚੰਗੇ ਕੰਮ ਤੇ ਸਵਾਲ ਉਠਾ ਰਹੇ ਹਨ, ਜੋ ਕਿ ਬਹੁਤ ਨਿੰਦਣਯੋਗ ਹੈ। ਹਲਕਾ ਵਿਧਾਇਕ ਦੇ ਸ਼ਹਿਰ ਵਿੱਚ ਮਾੜੀ ਕਾਨੂੰਨ ਵਿਵਸਥਾ ਅਤੇ ਖੁੱਲ੍ਹੇਆਮ ਜੂਏਬਾਜ਼ੀ ਦੜੇ ਸੱਟੇ ਦੇ ਕੰਮ ਬਾਰੇ ਦਿੱਤੇ ਬਿਆਨ ’ਤੇ ਸਵਾਲ ਉਠਾਉਂਦੇ ਹੋਏ ਢੋਟ ਨੇ ਕਿਹਾ ਕਿ ਜਿਹੜੇ ਲੋਕ ਪਿਛਲੇ ਪੱਚੀ ਸਾਲਾਂ ਤੋਂ ਇਨ੍ਹਾਂ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ, ਉਹ ਅੱਜ ਅਜਿਹੇ ਸਵਾਲ ਕਿਵੇਂ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜੋ ਇਨ੍ਹਾਂ ਦੇ ਰਾਜ ਦੌਰਾਨ ਥਾਣਿਆਂ ਵਿੱਚ ਬੈਠਦੀ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਨਤਾ ਤੱਕ ਪਹੁੰਚ ਕਰ ਰਹੀ ਹੈ। ਜੇਕਰ ਪੁਲਿਸ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ, ਤਾਂ ਹਲਕਾ ਵਿਧਾਇਕ ਕਿਉਂ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਵਿਧਾਇਕ ਦੇ ਬਿਆਨ ਨੂੰ ਨਾ ਸਿਰਫ਼ ਪੁਲਿਸ ਫੋਰਸ ਦਾ ਅਪਮਾਨ ਦੱਸਿਆ, ਸਗੋਂ ਉਨ੍ਹਾਂ ਲੋਕਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਵੀ ਦੱਸਿਆ, ਜੋ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਰੋਜ਼ਾਨਾ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ।
ਇਸ ਮੌਕੇ ਢੋਟ ਨੇ ਕਿਹਾ ਕਿ ਭਾਵੇਂ ਇਹ ਪੰਜਾਬ ਪੁਲਿਸ ਹੋਵੇ, ਕੇਂਦਰੀ ਹਥਿਆਰਬੰਦ ਸੈਨਾਵਾਂ ਹੋਣ ਜਾਂ ਭਾਰਤੀ ਫੌਜ, ਹਰ ਸੁਰੱਖਿਆ ਫੋਰਸ ਸਤਿਕਾਰ ਦੀ ਹੱਕਦਾਰ ਹੈ ਕਿਉਂਕਿ ਉਹ ਨਾਗਰਿਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਰੀ ਫੋਰਸ ਨੂੰ ਨਿਸ਼ਾਨਾ ਬਣਾਉਣਾ ਅਤੇ ਰਾਜਨੀਤਿਕ ਡਰਾਮੇ ਲਈ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨਾ ਬਹੁਤ ਖਤਰਨਾਕ ਹੈ। ਸੁਰੱਖਿਆ ਕਰਮਚਾਰੀ ਜਨਤਾ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਉਂਦੇ ਹਨ ਅਤੇ ਇਸ ਤਰੀਕੇ ਨਾਲ ਕਦੇ ਵੀ ਉਨ੍ਹਾਂ ਦਾ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ,ਖਾਸ ਕਰਕੇ ਇਸਦੇ ਨੌਜਵਾਨ ਅਧਿਕਾਰੀ, ਜਨਤਾ ਨਾਲ ਗੱਲਬਾਤ ਕਰਨ ਦੇ ਤਰੀਕੇ ਵਿੱਚ ਬਦਲਾਅ ਲਿਆ ਰਹੇ ਹਨ ਅਤੇ ਜਨਤਕ ਸੁਰੱਖਿਆ ਲਈ ਪੇਸ਼ੇਵਰ ਤੌਰ ਤੇ ਆਪਣੇ ਫਰਜ਼ ਨਿਭਾ ਰਹੇ ਹਨ। ਰੋਡ ਸੇਫਟੀ ਫੋਰਸ (ਐੱਸਐੱਸਐੱਫ) ਦੇ ਕੰਮ ਨੂੰ ਉਜਾਗਰ ਕਰਦੇ ਹੋਏ ਢੋਟ ਨੇ ਕਿਹਾ ਕਿ ਪੰਜਾਬ ਪੁਲਿਸ ਕਰਮਚਾਰੀਆਂ ਦੀਆਂ ਸਮਰਪਿਤ ਕੋਸ਼ਿਸ਼ਾਂ ਕਾਰਨ, ਅੱਜ ਹਾਦਸੇ ਦੇ ਪੀੜਤਾਂ ਨੂੰ ਮਿੰਟਾਂ ਵਿੱਚ ਤੁਰੰਤ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਚੋਰੀ, ਹਮਲਾ, ਹਾਦਸਾ ਜਾਂ ਐਮਰਜੈਂਸੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਚੈਕਿੰਗ ਸਿਰਫ਼ ਅਪਰਾਧੀਆਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਹੀ ਪਰੇਸ਼ਾਨ ਕਰਦੀ ਹੈ।